ਇੰਜ ਕੀਤੀ ਏ ਸੱਜਣਾਂ ਨਾਲ਼ ਮੇਰੇ, ਜਿਵੇਂ ਭੁੱਟੋ ਦੇ ਨਾਲ਼ ਜ਼ਿਆ ਕੀਤੀ

ਇੰਜ ਕੀਤੀ ਏ ਸੱਜਣਾਂ ਨਾਲ਼ ਮੇਰੇ, ਜਿਵੇਂ ਭੁੱਟੋ ਦੇ ਨਾਲ਼ ਜ਼ਿਆ ਕੀਤੀ
ਕਰਕੇ ਕਿਸੇ ਦੇ ਨਾਲ਼ ਨਾ ਕੋਈ ਸ਼ਾਲਾ, ਜਿਵੇਂ ਜ਼ਿਆ ਦੇ ਨਾਲ਼ ਖ਼ੁਦਾ ਕੀਤੀ

ਦੋਵੇਂ ਸੱਚੇ ਸਾਂ ਆਪਣੀ ਰੇਤ ਮੂਜਬ ਕਿਸੇ ਗੱਲ ਨਹੀਂ ਕੋਈ ਬੇ ਜਾ ਕੀਤੀ
ਅਸਾਂ ਅਪਣਾ ਫ਼ਰਜ਼ ਅੰਜਾਮ ਦਿੱਤਾ, ਲੋਕਾਂ ਆਪਣੀ ਰਸਮ ਅਦਾ ਕੀਤੀ

ਪਕੜ ਉਸ ਨੂੰ ਹੋਵਸੀ ਸਹੁੰ ਰੱਬ ਦੀ, ਜਾਣ ਬੁਝ ਕੇ ਜਿਸ ਖ਼ਤਾ ਕੀਤੀ
ਆਉਂਦਾ ਨਹੀਂ ਕਾਨੂੰਨ ਦੀ ਜ਼ਿੱਦ ਅੰਦਰ, ਜਿਨੂੰ ਇਸ਼ਕ ਬੇਖ਼ਬਰੀ ਅਤਾ ਕੀਤੀ

ਆਏ ਦੁੱਖ ਤੇ ਆਖਿਆ ਜੀ ਆਇਆਂ, ਪੇੜ ਚਿੰਬੜੀ ਨਹੀਂ ਜੁਦਾ ਕੀਤੀ
ਇੱਕ ਲਾਹ ਕੇ ਦੂਸਰੀ ਗੱਲ ਪਾ ਲਈ, ਅਸਾਂ ਰੱਦ ਨਹੀਂ ਕੋਈ ਬਲ਼ਾ ਕੀਤੀ

ਸਖ਼ੀ ਬੂਹੇ ਚ ਖੜ੍ਹਾ ਰਿਹਾ ਖ਼ੈਰ ਲੈ ਕੇ, ਸਾਡੀ ਅਣਖ ਨੇ ਨਹੀਂ ਸਦਾ ਕੀਤੀ
ਐਵੇਂ ਸ਼ਕਲੋਂ ਅਸੀਂ ਫ਼ਕੀਰ ਲਗਦੇ, ਸਾਨੂੰ ਰੱਬ ਅਮੀਰੀ ਅਤਾ ਕੀਤੀ

ਰੋਗੀ ਆਉਂਦੇ ਨੇਂ ਜਿਹਦੇ ਤੋਂ ਬਚ ਬਚ ਕੇ, ਅਰਜ਼ ਮੈਂ ਵੀ ਭੁੱਲ ਕੇ ਜਾ ਕੀਤੀ
ਮੇਰੀ ਜਾਨ ਚ ਜਾਣ ਇਸ ਪਾਨ ਲੱਗੀਆਂ, ਮੇਰੀ ਜਾਨ ਈ ਚਾ ਹਵਾ ਕੀਤੀ

ਅੱਗੇ ਖੜ੍ਹਾ ਸੀ ਅਜੇ ਖ਼ਿਆਲ ਜਿਹਾ, ਪਿੱਛੋਂ ਗ਼ਜ਼ਲ ਨੇ ਆਨ ਕੇ ਝਾ ਕੀਤੀ
ਲੈ ਲਿਆ ਮੈਂ ਦੋਂਹ ਨੂੰ ਵਿਚ ਬੁੱਕਲ, ਦਾਖ਼ਲ ਰੋਹ ਵਿਚ ਜਿਸਮ ਦੇ ਚਾ ਕੀਤੀ

ਮੰਗਾਂ ਕੀ ਤਨਵੀਰ ਕੀ ਨਾ ਮੰਗਾਂ, ਵਕਤ ਮੰਗਣ ਦਾ ਆਇਆ ਤੇ ਸੋਚ ਪੇ ਗਈ
ਜੀਭ ਮਿੱਟੀ ਦੀ ਮਿੱਟੀ ਰਹੀ ਬੁਲ੍ਹਿਆਂ ਦੀ, ਦਿਲ ਕੀ ਕੀ ਖ਼ੋਰੇ ਦੁਆ ਕੀਤੀ