ਰੱਬ ਜਾਣੇ ਕੋਈ ਹੋਰ ਹੈ ਯਾ ਉਹੋ

ਰੱਬ ਜਾਣੇ ਕੋਈ ਹੋਰ ਹੈ ਯਾ ਉਹੋ, ਐਨ ਬੀਨ ਪਿਆ ਲਗਦਾ ਮੀਤ ਵਰਗਾ
ਪਿਆ ਨਾਲ਼ ਅਕੀਦਤ ਦੇ ਵੇਖਣਾ ਵਾਂ ਮੁੱਖ ਉਜੜੀ ਹੋਈ ਮਸੀਤ ਵਰਗਾ

ਪੁਰੀ ਪਿਆਰ ਦੇ ਵਿਹੜੇ ਜੇ ਆਨ ਲੱਥੇ, ਬਣ ਜਾਂਦਾ ਏ ਜੱਗ ਅਫ਼ਰੀਤ ਵਰਗਾ
ਕਿਸੇ ਸੋਹਣੇ ਦੇ ਕਦਮੀਂ ਦਿਲ ਰੱਖਣਾ, ਕੰਮ ਵੈਰੀਆਂ ਨਾਲ਼ ਪ੍ਰੀਤ ਵਰਗਾ

ਲੱਗੀ ਤੋੜ ਨਿਭਾਨ ਦਾ ਅਹਿਦ ਕਰਨਾ ਹੈ, ਕੰਮ ਨਮਾਜ਼ ਦੀ ਨਿਯਤ ਵਰਗਾ
ਵਿਚ ਹੋਵੇ ਜੇ ਹਿਰਸ ਹਵਾ ਸ਼ਾਮਿਲ ਕੋਈ ਪਾਪ ਗੁਨਾਹ ਨਹੀਂ ਪੀਤ ਵਰਗਾ

ਵਿਚ ਪੀੜ ਦਾ ਸੇਕ ਜੇ ਨਾ ਹੋਵੇ, ਜੀਵਨ ਰਹਿੰਦਾ ਏ ਪੋਹ ਦੇ ਸੀਤ ਵਰਗਾ
ਕੰਨੀਂ ਪਵੇ ਆਵਾਜ਼ ਮਾਸ਼ੂਕ ਦੀ ਜਾਂ, ਬਣ ਜਾਂਦਾ ਏ ਹੂਕੜਾ ਗੀਤ ਵਰਗਾ

ਰਵੇ ਰੋਜ਼ ਪ੍ਰਾਹੁਣੇ ਦੀ ਖ਼ਬਰ ਦਿੰਦਾ, ਝੋਟਾ ਨਹੀਂ ਕੋਈ ਕਾਗ ਪਲੀਤ ਵਰਗਾ
ਚਲੋ ਕਿਸੇ ਦੇ ਆਉਣ ਦੀ ਆਸ ਵੀ ਤਾਂ, ਅੰਦਰ ਚਾਨਣਾ ਰੱਖਦੀ ਝੀਤ ਵਰਗਾ

ਪਤਾ ਨਹੀਂ ਕਿ ਪਾਇਆ ਸੀ ਕਿਸ ਮਰਨੇ, ਇਹ ਜੀਣ ਦਾ ਰਾਜ਼ ਕ੍ਰਿਤ ਵਰਗਾ
ਜਾਣੇ ਕੌਣ ਕੀ ਬੰਦ ਏ ਪੁੜੀ ਅੰਦਰ, ਜਿੰਦ ਰਾਜ਼ ਏ ਮੜ੍ਹੇ ਤਵੀਤ ਵਰਗਾ

ਕੁੰਡ ਕਰਕੇ ਜੱਗ ਦੇ ਮੋਨਹਾ ਵੱਲੇ ਰਹੇ ਨੱਚਦੇ ਉਹਦੀਆਂ ਸੀਨਤਰਾਂ ਤੇ
ਸਦਾ ਕੂੜ ਤੋਂ ਰਹੇ ਤਨਵੀਰ ਨਾਬਰ, ਅਸਾਂ ਭੀੜ ਕਮਾਇਆ ਨਹੀਂ ਰੇਤ ਵਰਗਾ