ਹੀਰ ਵਾਰਿਸ ਸ਼ਾਹ

ਤੇਰੀਆਂ ਸਹਿਲੀਆਂ ਥੋਂ ਅਸੀਂ ਨਹੀਂ ਡਰਦੇ

ਤੇਰੀਆਂ ਸਹਿਲੀਆਂ ਥੋਂ ਅਸੀਂ ਨਹੀਂ ਡਰਦੇ
ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂ

ਐਂਵੇਂ ਮਾਰ ਈ ਦਾ ਜਾ ਵਸੇਂ ਏਸ ਪਿੰਡੋਂ
ਜਿਵੇਂ ਖਿਸਕਦਾ ਕੁਫ਼ਰ ਹੈ ਬਾਂਗ ਕੋਲੋਂ

ਸਿਰ ਕਜ ਕੇ ਟਰੀਂਗਾ ਜਿਹਲ ਜੱਟਾ
ਜਿਵੇਂ ਸੱਪ ਅੱਠ ਚਲੇ ਹੈ ਡਾਂਗ ਕੋਲੋਂ

ਐਂਵੇਂ ਖਪਰੀ ਸੰਗੀ ਛੱਡ ਜਾਈਂਗਾ
ਤੂੰ ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂ

ਮੇਰੇ ਡਿੱਠੀਆਂ ਕਨਬਸੀ ਜਾਨ ਤੇਰੀ
ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ

ਤੇਰੀ ਟੁੱਟਣੀ ਫਿਰੇ ਹੈ ਸੱਪ ਵਾਂਗੂੰ
ਆਇ ਰੰਨਾਂ ਦੇ ਡਰੀਂ ਅਪਾਂਗ ਕੋਲੋਂ

ਐਵੇਂ ਖ਼ੌਫ਼ ਪੋਸੀ ਤੈਨੂੰ ਮਾਰਿਨ ਦਾ
ਜਿਵੇਂ ਢੁੱਕਦਾ ਪੈਰ ਉਲਾਂਘ ਕੋਲੋਂ

ਵਾਰਿਸ ਸ਼ਾਹ ਇਹ ਜੋਗੜਾ ਮੋਇਆ ਪਿਆ ਸਾਪਾਨੀ
ਦੇਣ ਗਿਆਂ ਕਦੋਂ ਪਰ ਸਾਂਗ ਕੋਲੋਂ