ਹੀਰ ਵਾਰਿਸ ਸ਼ਾਹ

ਰਾਜੇ ਆਖਿਆ ਤੁਸਾਂ ਤਕਸੀਰ ਕੀਤੀ

ਰਾਜੇ ਆਖਿਆ ਤੁਸਾਂ ਤਕਸੀਰ ਕੀਤੀ
ਇਹ ਵੱਡਾ ਫ਼ਕੀਰ ਰੰਜਾਣਿਆ ਜੇ

ਨੱਕ ਕਣ ਵੱਡਾ ਦਿਆਂ ਚਾੜ੍ਹ ਸੂਲੀ
ਐਵੇਂ ਗਈ ਇਹ ਗੱਲ ਨਾ ਜਾਣਿਆ ਜੇ

ਰੱਜੇ ਜੱਟ ਨਾ ਜਾਣ ਦੇ ਕਿਸੇ ਤਾਈਂ
ਤੁਸੀਂ ਆਪਣੀ ਕਦਰ ਪਛਾਣਿਆ ਜੇ

ਰੰਨਾਂ ਖੂਹ ਫ਼ਕੀਰਾਂ ਦੀਆਂ ਰਾਹ ਮਾਰੋ
ਤੰਬੂ ਗਰਬ ਗਮਾਂ ਦੇ ਤਾਨੀਆ ਜੇ

ਰਾਤੀਂ ਚੋਰ ਤੇ ਦੇਣਾ ਉਧਾਲਿਆਂ ਤੇ
ਸ਼ੈਤਾਨ ਵਾਂਗੂੰ ਜੱਗ ਰਾਣੀਆ ਜੇ

ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ
ਮੌਜ ਸਵੱਲੀਆਂ ਦੀ ਤੁਸੀਂ ਮਾਣਿਆ ਜੇ

ਇਹ ਨਿੱਤ ਹੰਕਾਰ ਨਾ ਮਾਲ ਰਹਿੰਦੇ
ਕਦੀ ਮੌਤ ਤਹਿਕੀਕ ਪਛਾਣਿਆ ਜੇ

ਵਾਰਿਸ ਸ਼ਾਹ ਸਰਾਏ ਦੀ ਰਾਤ ਵਾਂਗੂੰ
ਦੁਨੀਆ ਖ਼ਾਬ ਖ਼ਿਆਲ ਕਰ ਜਾਣਿਆ ਜੇ