ਅਦਬੀ ਵਡੇਰੇ

ਭਲੇ ਵਕਤਾਂ ਦੀ ਗੱਲ ਯਾਰੋ
ਵਤਨ ਤੋ ਦੂਰ ਰਹਿੰਦੇ ਸਾਂ
ਬੜੇ ਮਜਬੂਰ ਰਹਿੰਦੇ ਸਾਂ
ਨਸੀਬਾਂ ਦਾ ਸਮਝ ਕੇ ਸਭ
ਜ਼ਖ਼ਮ ਪੀੜਾਂ ਹੀ ਸਹਿੰਦੇ ਸਾਂ
ਖ਼ੁਦਾ ਫਿਰ ਕਰਮ ਏ ਕੀਤਾ
ਮੇਰੀ ਸੋਚਾਂ ਨੂੰ ਪਰ ਲਾ ਕੇ
ਸਮਾਨਾਂ ਤੇ ਬਿਠਾ ਛੱਡਿਆ
ਮੇਰੇ ਬੇਕਾਰ ਹੱਥਾਂ ਵਿਚ
ਕਲਮ ਕਾਗ਼ਜ਼ ਫੜਾ ਛੱਡਿਆ
ਏ ਦੁਨੀਆ ਵੇਖਣੀ ਕਿਵੇਂ ਤੇ ਬਿਪਤਾ ਲੇਕਨਿ ਕਿਵੇਂ
ਮੈਨੂੰ ਸਭ ਕੁਛ ਪੜ੍ਹਾ ਛੱਡਿਆ ਤੇ ਗੁਰ ਸਾਰਾ ਸਿਖਾ ਛੱਡਿਆ
ਮੈਂ ਜੋ ਕੁਛ ਵੀ ਪਿਆ ਲਿਖਣਾਂ
ਮੇਰੇ ਮਾਲਿਕ ਏ ਸਾਰਾ ਕੁੱਝ
ਤੇਰੀ ਰਹਿਮਤ ਦਾ ਸਦਕਾ ਏ
ਮੇਰੀ ਸੋਚਾਂ ਮੇਰੇ ਦਿਲ ਤੇ
ਤੇਰਾ ਪੂਰਾ ਈ ਕਬਜ਼ਾ ਏ
ਤਹੱਜੁਦ ਸਮਝ ਕੇ ਅੱਖਰ ਤੇ ਸੋਚਾਂ ਸਮਝ ਕੇ ਰੋਜ਼ਾ
ਸਦਾ ਮੈਂ ਕੀਕਦਾ ਰਹਿੰਦਾ
ਵਤਨ ਤੋਂ ਦੂਰ ਰਹਿ ਕੇ ਵੀ ਮੈਂ ਹਾੜੇ ਲੀਕਦਾ ਰਹਿੰਦਾ
ਕਿਸੇ ਸਹੁਰਾ ਦੇ ਪੱਖੋ ਵਾਂਗ ਕਲਾ ਚੀਕਦਾ ਰਹਿੰਦਾ

ਦਿਲੇ ਵਿਚ ਬਹੁਤ ਇਚੱਹਾ ਸੀ ਕਦੀ ਵਤਨਾਂ ਚ ਜਾ ਕੇ ਮੈਂ
ਅਦੀਬਾਂ ਨੂੰ ਸੁਣਾਵਾਂਗਾ ਮਧੁਰ ਇਕ ਗੀਤ ਦਰਦਾਂ ਦਾ
ਜਿਹਦਾ ਸਭ ਬਣਨਗੇ ਹਿੱਸਾ
ਕਦੀ ਮਹਿਫ਼ਲ ਸੁਖ਼ਨ ਦੇ ਵਿਚ ਕਦੀ ਕੈਫ਼ੇ ਤੇ ਲਾਣਾਂ ਵਿਚ
ਕਦੀ ਖੁੱਲੇ ਮੈਦਾਨਾਂ ਵਿਚ
ਬੜੀ ਰੀਝਾਂ ਦੇ ਨਾਲ਼ ਸਾਰੇ ਸੁਣਨਗੇ ਯਾਰ ਦਾ ਕਿੱਸਾ

ਚਿਰਾਂ ਪਿੱਛੋਂ ਮੈਂ ਫਿਰ ਜਦ ਪਰਤਿਆ ਵਤਨੀਂ
ਤੇ ਮੈਂ ਇਹ ਵੇਖਿਆ ਆ ਕੇ ਅੱਖੀਂ ਸਭ ਹਾਲ ਯਾਰਾਂ ਦਾ
ਅਦੀਬਾਂ ਕਲਮਕਾਰਾਂ ਦਾ

ਮਰੀ ਏ ਸੋਚ ਸੀ ਕਿ ਇਹ ਮੇਰੇ ਅੰਬਰਾਂ ਦੇ ਸਭ ਤਾਰੇ
ਜੋ ਦੁਨੀਆ ਨੂੰ ਸੁਖਾਂਦੇ ਨੇਂ
ਕਲਮਕਾਰੀ ਵਿਖਾਂਦੇ ਨੇਂ
ਸਬਕ ਦਿੰਦੇ ਨੇਂ ਹਿੰਮਤ ਦਾ ਪੁਰਸ਼ ਦੇ ਨਾਮ ਇੱਜ਼ਤ ਦਾ
ਇਕੱਠੇ ਮਰਨ ਜੀਵਨ ਦਾ, ਦਿਲਾਂ ਦੇ ਜ਼ਖ਼ਮ ਸੇਵਨ ਦਾ
ਢਿੱਡਾਂ ਭੁੱਖੀਆਂ ਨੂੰ ਰਿਜਨ ਦਾ
ਤੇ ਨੰਗੇ ਮੋਰ ਕੱਜਣ ਦਾ
ਇਹ ਆਪਣੇ ਸਬਕ ਦੇ ਵਾਂਗੂੰ ਇਕੱਠੇ ਹੋਣਗੇ ਸਾਰੇ
ਇਹ ਦਰਦਾਂ ਦੇ ਨੇਂ ਵਣਜਾਰੇ

ਪਰ ਉਂਝ ਦਾ ਕੁੱਝ ਨਹੀਂ ਉਥੇ
ਕਈ ਦੂਜੇ ਬਾਜ਼ਾਰਾਂ ਵਾਂਗ ਇਥੇ ਵੀ ਦੁਕਾਨਾਂ ਨੇਂ
ਜਿਨ੍ਹਾਂ ਦੇ ਖੂਹ ਵੱਖੋ ਵੱਖ ਕਬਲੇ ਤੇ ਵੱਖੋ ਵੱਖ ਅਜ਼ਾਨਾਂ ਨੇਂ

ਕਿਸੇ ਮੰਡੀ ਦੇ ਫੜੀਆਂ ਵਾਂਗ ਅੱਡੇ ਮਿਲ ਕੇ ਬੈਠੇ ਨੇਂ
ਤੇ ਇਨ੍ਹਾਂ ਅੱਡਿਆਂ ਵਿਚ ਵੀ
ਕਈ ਨੇਂ ਪੈਰ ਕਈ ਚੇਲੇ
ਕਈ ਛੇੜੂ ਕਈ ਲੇਲੇ

ਕਿਸੇ ਨੂੰ ਗਾਲ ਦੇਣੀ ਏ ਕਿਸੇ ਦੇ ਨਾਲ਼ ਲੜਨਾ ਏ
ਜਮੂਰੇ ਪਾਲ਼ ਰੱਖੇ ਨੇਂ ਕਤੂਰੇ ਪਾਲ਼ ਰੱਖੇ ਨੇਂ
ਕੋਈ ਵੇਚੇ ਗ਼ਜ਼ਲ ਆਪਣੀ ਕੋਈ ਵੇਚੇ ਕਿਤਾਬਾਂ ਨੂੰ
ਕਈ ਚੇਲੇ ਲੱਖਾ ਲੈਂਦੇ ਗ਼ਜ਼ਲ ਨਜ਼ਮਾਂ ਸਤਾਂਦਾ ਤੋਂ
ਤੇ ਬਣ ਜਾਂਦੇ ਅਦਬ ਬਾਲਗ਼

ਏ ਮੇਰੇ ਯਾਰਾ ਇਨ੍ਹਾਂ ਵਿਚ ਕਈ ਇਸ਼ਕੀ ਕਈ ਮੁਸ਼ਕੀ
ਕਈ ਭੰਗੀ ਕਈ ਚਰਸੀ
ਕਈ ਬਨੇ, ਕਈ ਇੰਨੇ, ਕਈ ਹੋਸੀ, ਕਈ ਠਰਕੀ

ਇਹ ਆਪਣੇ ਆਪਣੇ ਅੱਡਿਆਂ ਤੇ ਬਣੇ ਬੈਠੇ ਵੱਡੇ ਸ਼ਾਇਰ
ਫ਼ਲਸਫ਼ੇ ਦੇ ਮਬਨੇ ਮਾਹਿਰ
ਕੋਈ ਹੋਮਰ ਕੋਈ ਅਰਸਤੂ
ਕੋਈ ਸ਼ਿਲੇ ਕੋਈ ਨਤਸ਼ੇ
ਕੋਈ ਬੁਲ੍ਹਾ ਕੋਈ ਗਸਤੋ
ਇੰਨਾਂ ਦੀ ਬਦਜ਼ਬਾਨੀ ਤੇ
ਕੋਈ ਵੀ ਕਸਕ ਨਹੀਂ ਸਕਦਾ
ਸਗੋਂ ਇਨ੍ਹਾਂ ਦੇ ਸੰਗ ਰਲ਼ ਕੇ ਜ਼ਿਆਦਾ ਵਾਹ ਕਰਨ ਅਕਸਰ
ਮੇਰੇ ਸਾਂਵੇਂ ਵੀ ਇਨ੍ਹਾਂ ਦਾ ਕਈ ਪਾਣੀ ਭਰਨ ਅਕਸਰ

ਕਈ ਲਾਲਚ ਨੇਂ ਰੱਖ ਦਿਲ ਵਿਚ
ਕੋਈਯ ਇੱਜ਼ਤ ਦੇ ਡਰ ਪਾਰੋਂ
ਇਨ੍ਹਾਂ ਤੋਂ ਡਰਨ ਪਏ ਅਕਸਰ

ਹਾਂ ਇਨ੍ਹਾਂ ਨੂੰ ਕੋਈ ਬੰਦਾ ਜੇ ਉੱਠ ਕੇ ਸੱਚ ਸੁਣਾ ਦੇਵੇ
ਤੇ ਉਲਟਾ ਆਖਦੇ ਉਹਨੂੰ
ਇਹ ਤੇ ਅਦਬੀ ਨਾਬਾਲਗ਼ ਏ
ਤੇ ਸ਼ੋਹਰਤ ਦਾ ਵੀ ਭੁੱਖਾ ਏ

ਅਸਲ ਗੱਲ ਏ ਮੇਰੇ ਯਾਰੋ
ਜੋ ਮੈਂ ਮਹਿਸੂਸ ਕੀਤਾ ਏ
ਮੇਰੇ ਵਤਨਾਂ ਦੇ ਚਿੱਤਰ ਵਿਚ
ਅਦਬ ਦੇ ਏਸ ਖੇਤਰ ਵਿਚ
ਕਈ ਅਦਬੀ ਮੁਜ਼ਾਰੇ ਨੇਂ ਕਈ ਅਦਬੀ ਵਡੇਰੇ ਨੇਂ
ਜੇ ਸੱਚ ਪੁੱਛੋ ਤੇ ਅਦਬੀ ਨਹੀਂ
ਏ ਬੇ ਅਦਬਾਂ ਦੇ ਡੇਰੇ ਨੇਂ
ਏ ਬੇ ਅਦਬਾਂ ਦੇ ਡੇਰੇ ਨੇਂ

ਹਵਾਲਾ: ਪੋਹ ਵਿਚ ਪਵੇ ਫੌਹਾਰ, ਜ਼ਾਹਿਦ ਜਰ ਪਾਲਵੀ; ਸਾਂਝ ਲਾਹੌਰ; ਸਫ਼ਾ 35 ( ਹਵਾਲਾ ਵੇਖੋ )