ਅੱਖਾਂ ਦਾ ਸਹੁਰਾ ਜੇ ਠੰਡਾ ਹੋ ਜਾਂਦਾ

ਅੱਖਾਂ ਦਾ ਸਹੁਰਾ ਜੇ ਠੰਡਾ ਹੋ ਜਾਂਦਾ
ਖ਼ਵਾਬਾਂ ਲਈ ਟੁਰਨਾ ਕੁੱਝ ਸੌਖਾ ਹੋ ਜਾਂਦਾ

ਜੇ ਫ਼ਿਤਰਤ ਤੇ ਵੇਲੇ ਦਾ ਰੰਗ ਚੜ੍ਹ ਸਕਦਾ
ਅੱਜ ਦਾ ਸੂਰਜ ਵੀ ਦੋ ਰੰਗਾ ਹੋ ਜਾਂਦਾ

ਦਿਨ ਦੇ ਸਾਹ ਕਿਉਂ ਏਨੇ ਘਟਦੇ ਜਾਂਦੇ ਨੇਂ
ਫ਼ਜਰੇ ਫ਼ਜਰੇ ਸ਼ਾਮਾਂ ਵੇਲ਼ਾ ਹੋ ਜਾਂਦਾ

ਉਜੜੇ ਰਹਿ ਤੇ ਜੇ ਕੋਈ ਰਾਹੀ ਟੁਰ ਪੈਂਦਾ
ਸੁੱਕੇ ਰੁੱਖਾਂ ਦਾ ਸੁੱਖ ਹੋਲਾ ਹੋ ਜਾਂਦਾ

ਰੂਹ ਤੇ ਇੰਜ ਨਾ ਵਿੰਨ੍ਹੀ ਜਾਂਦੀ ਦੁੱਖਾਂ ਵਿਚ
ਜੱਸਾ ਮੇਰਾ ਜੇ ਨਾ ਤੱਕਲਾ ਹੋ ਜਾਂਦਾ

ਮਹਿਲਾਂ ਦੇ ਬੂਹੇ ਵੀ ਤਿੜਕਣ ਲੱਗ ਪੈਂਦੇ
ਇਕ ਸਜਦਾ ਜੇ ਮੈਥੋਂ ਪੂਰਾ ਹੋ ਜਾਂਦਾ

ਮੰਜ਼ਿਲ ਤੋੜੀ ਅੱਪੜਾਂ ਭਾਂਵੇਂ ਨਾ ਅੱਪੜਾਂ
ਜ਼ਾਹਿਦ ਰਸਤਾ ਕੁੱਝ ਤੇ ਪੱਧਰਾ ਹੋ ਜਾਂਦਾ