ਸ਼ਾਹ ਹਸੈਨਾ ਅਸਾਂ ਕੰਙਣ ਪਾਏ

ਸ਼ਾਹ ਹਸੈਨਾ ਸਾਡੇ ਅੱਖੀਂ ਡੋਰੇ
ਅਤੇ ਫੁੱਟ ਫੁੱਟ ਪੈਂਦੀਆਂ ਪੀੜਾਂ
ਚਾਨਣ ਦੇ ਅਸਾਂ ਫਾਹੇ ਬੱਧੇ
ਅਤੇ ਲੈ ਸੂਰਜ ਦੀਆਂ ਲੀਰਾਂ
ਫ਼ਿਰ ਵੀ ਪੀੜਾਂ ਘਟਦੀਆਂ ਨਾਹੀਂ
ਤਾਂ ਸੁਨੇਹੇ ਘੱਲੇ
ਸ਼ਾਹ ਹਸੈਨਾ ਸਾਡੇ ਅੱਖੀਂ ਡੋਰੇ

ਸ਼ਾਹ ਹਸੈਨਾ ਅਸਾਂ ਵਾਹੀ ਕੀਤੀ
ਅਤੇ ਬੀਜਿਆ ਕੰਡੇ ਥੋਹਰ ਵੇ
ਕਦ ਪੱਕੇ ਕਦ ਵੱਡੀਏ ਗਾਹੀਏ
ਗੱਡ ਦੀਏ ਫ਼ਿਰ ਹੋਰ ਵੇ
ਲਾਵਿਆਂ ਆਪ ਸੁਲਾ ਵੀ ਚੁਗੀਏ
ਆਪ ਵਜਾਈਏ ਢੋਲ ਵੇ
ਸ਼ਾਹ ਹਸੈਨਾ ਅਸਾਂ ਵਾਹੀ ਕੀਤੀ

ਸ਼ਾਹ ਹਸੈਨਾ ਅਸੀਂ ਜੋਗੀ ਹੋਏ
ਸਾਡੇ ਸੱਪਾਂ ਨਾਲ਼ ਯਾਰਾਨੇ
ਲੂੰ ਲੂੰ ਦੇ ਮੁੱਢ ਆਪ ਲੜਾਏ
ਕਰ ਕਰ ਨਿੱਤ ਬਹਾਨੇ
ਅੰਗ ਅੰਗ ਸਾਡੇ ਜ਼ਿਹਰਾਂ ਚੜ੍ਹੀਆਂ
ਭਲਕ ਕੋਈ ਨਾ ਜਾਣੇ
ਸ਼ਾਹ ਹਸੈਨਾ ਅਸੀਂ ਜੋਗੀ ਹੋਏ

ਸ਼ਾਹ ਹਸੈਨਾ ਅਸਾਂ ਕੰਙਣ ਪਾਏ
ਵਿਚ ਪੀੜਾਂ ਦੇ ਨਗ ਵੇ
ਤੂੰ ਬਿਰਹਾ ਦਾ ਚੋਲਾ ਪਾਇਆ
ਆ ਸੀਨੇ ਨਾਲ਼ ਲੱਗ ਵੇ
ਰਲ਼ ਮਿਲ ਅੜਿਆ ਇੱਕ ਮਿੱਕ ਹੋਈਏ
ਵੇਖਣ ਆਵੇ ਜੱਗ ਵੇ
ਸ਼ਾਹ ਹਸੈਨਾ ਅਸਾਂ ਕੰਙਣ ਪਾਏ
ਸ਼ਾਹ ਹਸੈਨਾ ਅਸਾਂ ਕੰਙਣ ਪਾਏ