See this page in :
ਸਾਰੇ ਔਖੇ ਭਾਰੇ ਸਾਹਿਬ
ਤੂੰ ਹੀ ਕਾਜ ਸਵਾਰੇ ਸਾਹਿਬ
ਸ਼ਿਅਰ ਚਿ ਰੋਹ ਹੋਵੇ ਤੇ ਬੋਲੇ
ਗੂੰਗੇ ਲਫ਼ਜ਼ ਨਕਾਰੇ ਸਾਹਿਬ
ਕਰ ਗਏ ਚੱਟ ਖੇਤੀ ਸਭ ਰਾਖੇ
ਲੋਕੀ ਭੁੱਖ ਨੇ ਮਾਰੇ ਸਾਹਿਬ
ਕਹਿਤ ਭੁਚਾਲ ਬਿਮਾਰੀਆਂ ਸੁੱਕੇ
ਤੇਰੇ ਹਨ ਇਸ਼ਾਰੇ ਸਾਹਿਬ
ਰੁਝਿਆ ਗ਼ਾਫ਼ਲ, ਭੁੱਖਾ ਹਾਜ਼ਰ
ਖੜ੍ਹਾ ਤੇਰੇ ਦਰਬਾਰੇ ਸਾਹਿਬ
ਜਿਹਨੂੰ ਕਿਤੇ ਨਾ ਢੋਈ ਲੱਭੇ
ਪੁੱਜਿਆ ਤੇਰੇ ਦੁਆਰੇ ਸਾਹਿਬ
ਮਹਿਕਾਂ, ਰੰਗ, ਰੌਸ਼ਨੀਆਂ, ਲਵਾਂ
ਤੇਰੇ ਨੂਰ ਨਜ਼ਾਰੇ ਸਾਹਿਬ
ਕਿਲ੍ਹੀ ਦੇਹ ਮੈਂ ਮੰਗਦਾ ਨਹੀਂ
ਮਾੜੀਆਂ, ਮਹਿਲ, ਚੌਬਾਰੇ ਸਾਹਿਬ
ਅਫ਼ਜ਼ਲ ਅਹਸਨ ਦਮ ਦਮ ਪਲ ਪੁਲ
ਤੇਰਾ ਨਾਉਂ ਚਿਤਾਰੇ ਸਾਹਿਬ