ਰੱਤ ਦੇ ਚਾਰ ਸਫ਼ਰ

ਪਹਿਲਾ ਸਫ਼ਰ

ਉਹਦੇ ਲਹੂ ਵਿਚ ਰਲ ਗਿਆ ਆ ਕੇ ਪਾਰ ਸਮੁੰਦਰੋਂ ਜ਼ਹਿਰ
ਨ੍ਹਾਤੀ ਧੋਤੀ ਉਤੇ ਪੈ ਗਿਆ ਇੱਕ ਅੰਡਿੱਠਾ ਕਹਿਰ

ਕਿਸਮਤ ਦੇ ਪਾਟੇ ਵਰਕੇ ਤੇ ਦੁੱਖ ਦੇ ਅੱਖਰ ਕਾਲੇ
ਉਹਦੇ ਜਿਸਮ ਦੇ ਉਜੜੇ ਬਾਗ਼ ਦੇ ਰੁੱਖਾਂ ਉਤੇ ਜਾਲੇ

ਦੁੱਧ ਰੰਗੇ ਪਿੰਡੇ ਤੇ ਵਗੀਆਂ ਜ਼ਹਿਰੀ ਨੀਲੀਆਂ ਲੀਕਾਂ
ਲਾਲ਼ ਯਾਕੂਤੀ ਹੋਠਾਂ ਉੱਤੇ ਚੁੱਪ ਚਪੀਤਾਂ ਚੀਕਾਂ

ਮਰਮਰ ਵਰਗੇ ਗੱਲ ਵਿਚ ਪੈ ਗਿਆ ਤੌਕ ਗ਼ੁਲਾਮੀ ਵਾਲਾ
ਸੂਰਜ ਵਰਗਾ ਚਿਹਰਾ ਉਹਦਾ ਹੋ ਗਿਆ ਸੜ ਕੇ ਕਾਲ਼ਾ

ਦੂਜਾ ਸਫ਼ਰ

ਓਸਨੇ ਰੋ ਕੇ ਆਖਿਆ ਸੱਜਣਾ! ਸੁਣ ਜਾ ਮੇਰੀ ਬਾਤ
ਫ਼ਿਰ ਕਦੇ ਜੇ ਇਧਰ ਆਇਓਂ ਇਹ ਨਾ ਹੋਸੀ ਰਾਤ

ਨਾ ਇਹ ਤੌਕ ਗੱਲਾਂ ਵਿਚ ਹੋਸਨ ਨਾ ਪੈਰੀਂ ਇਹ ਸੰਗਲ
ਉਜੜੇ ਸ਼ਹਿਰ ਵਸੇਂਦੇ ਲੱਗ ਸਨ ਇੰਜ ਨਾ ਲੱਗ ਸਨ ਜੰਗਲ਼

ਨਾ ਹੋਠਾਂ ਤੇ ਜੰਦਰੇ ਹੋਸਨ ਨਾ ਕਲਮਾਂ ਤੇ ਪਹਿਰੇ
ਨਾ ਹੱਕ ਆਖਣ ਵਾਲਿਆਂ ਵਾਸਤੇ ਹੋਸਨ ਮੌਤ ਕਿਹੜੇ

ਨਾ ਹੱਕ ਮੰਗਣ ਵਾਲੇ ਦੇ ਸੀਨੇ ਵਿਚ ਵੱਜ ਸੀ ਗੋਲੀ
ਨਾ ਗਲੀਆਂ ਵਿਚ ਵਗ ਸੀ ਮੌਤ ਹਨੇਰੀ ਅੰਨ੍ਹੀ ਬੋਲੀ

ਨਾ ਦੁੱਧਾਂ ਲਈ ਬਾਲਕ ਇਥੇ ਕਦੇ ਵੀ ਰੋਸਨ ਹੋਰ
ਨਾ ਮੁੜ ਇਥੇ ਬਾਲੜੀਆਂ ਦੀਆਂ ਗੁੱਡੀਆਂ ਖੜਸਨ ਚੋਰ

ਮੁਟਿਆਰਾਂ ਤੂੰ ਸੁਫ਼ਨੇ ਇਥੇ ਖੋਸੀ ਨਾ ਕੋਈ ਹੋਰ
ਨਾ ਕੋਈ ਇੱਥੇ ਕੈਦੋ ਹੋਸੀ ਹੁਸਨ ਇਸ਼ਕ ਦਾ ਚੋਰ

ਨਾ ਕੋਈ ਦੁੱਲੇ ਭੱਟੀ ਦਾ ਸਿਰ ਧੱਕੇ ਨਾਲ਼ ਝੁਕਾ ਸੀ
ਨਾ ਕੋਈ ਸੁੱਤੇ ਮਿਰਜ਼ੇ ਉਤੇ ਲੁਕ ਕੇ ਤੀਰ ਚਲਾ ਸੀ

ਪੈਰ ਪੈਰ ਤੇ ਖ਼ੁਸ਼ੀਆਂ ਨੱਚ ਸਨ ਘਰ ਘਰ ਦੀਵੇ ਬਲ ਸਨ
ਧਰਤੀ ਸੋਨਾ ਵੰਡ ਸੀ, ਸ਼ਾਇਰ ਸੋਹਣੀਆਂ ਗੱਲਾਂ ਲਿਖ ਸਨ

ਕਾਲੀਆਂ ਕੰਧਾਂ ਉੱਤੇ ਲਹੂ ਨਾਲ਼ ਲਿਖੀ ਏ ਇਹ ਗੱਲ
ਦੇਖ ਹਨੇਰੀ ਦੇ ਵਿਚ ਬਲਦੇ ਏਸ ਦੀਵੇ ਦੇ ਵਲ

ਉਹਨੇ ਆਖਿਆ ਸੋਹਣਿਆ ਸੱਜਣਾ, ਸਦਾ ਰਵੇ ਨਾ ਰਾਤ
ਸਦਾ ਨਾ ਲੇਖੀਂ ਘੁਨਜਲਾਂ ਹੋਵੇ ਸਦਾ ਨਾ ਬਾਜ਼ੀ ਮਾਤ

ਤੀਜਾ ਸਫ਼ਰ

ਸੁਟ ਕੇ ਆਪਣੇ ਬਸਤੇ, ਛੱਡ ਕੇ ਖੇਡਾਂ ਦੇ ਮੈਦਾਨ
ਉਹਦੇ ਬਾਲ ਇਆਨੇ ਹੋ ਗਏ ਉਹਦੇ ਤੋਂ ਕੁਰਬਾਨ

ਉਹਦੀਆਂ ਧੀਆਂ ਸ਼ੀਸ਼ੇ ਛੱਡ ਕੇ ਫੜਨੀ ਫ਼ਿਰ ਤਲਵਾਰ
ਅਪਣਾ ਹੁਸਨ ਜਵਾਨੀ ਦਿਤਾ ਉਹਦੇ ਤੋਂ ਵਾਰ

ਵੀਰਾਂ ਆਪਣੀਆਂ ਖੱਲਾਂ ਦੇ ਨਾਲ਼ ਕੀਤੀ ਏਸ ਤੇ ਛਾਂ
ਆਪ ਭਾਵੇਂ ਨਾ ਰਹੇ ਪਰ ਉੱਚਾ ਕਰ ਗਏ ਉਹਦਾ ਨਾਂ

ਉਹਦਿਆਂ ਪੁੱਤਰਾਂ ਉਹਦੇ ਮੁੜਕੇ ਦੀ ਥਾਂ ਰੋੜ੍ਹੀ ਰੱਤ
ਅਪਣਾ ਆਪ ਗੰਵਾ ਕੇ ਸ਼ੇਰਾਂ ਰੱਖ ਲਈ ਮਾਂ ਦੀ ਪੱਤ

ਚੌਥਾ ਸਫ਼ਰ

ਮੁਕੀ ਰਾਤ ਤੇ ਪਰਤ ਕੇ ਆਈ ਘਰ ਨੂੰ ਫ਼ਿਰ ਸਵੇਰ
ਰੁੱਤ ਬਦਲੀ, ਪਿਆ ਵੇਹੜਾ, ਜਾਪੇ ਫੁੱਲਾਂ ਭਰੀ ਚੰਗੇਰ

ਆਸਾਂ ਵਾਲੇ ਸੂਰਜ ਚੜ੍ਹ ਕੇ ਅੱਖੀਂ ਪਾਈ ਠੰਡ
ਅੱਲਾਹ ਪਾਕ ਨੇ ਹੱਥੀਂ ਕੱਜੀ ਨੰਗੀ ਹੋਈ ਕੰਡ

ਚਿਹਰੇ ਉਤੇ ਡਲ੍ਹਕਾਂ ਮਾਰੇ ਅੰਦਰ ਵਾਲਾ ਰੰਗ
ਵਾਲਾਂ ਵਿਚ ਪਿਆ ਸੰਦਲ ਮਹਿਕੇ ਬਾਂਹ ਵਿਚ ਖੜਕੇ ਵੰਗ

ਉਹਦੀ ਮਹਿਕ ਹਵਾ ਵਿਚ ਤਰਦੀ ਫਿਰਦੀ ਚਾਰ ਚੁਫ਼ੇਰੇ
ਉਹਦੇ ਰੂਪ ਦੀ ਧੁੱਪ ਅੱਗੇ ਨਾ ਸਾਹ ਵੀ ਲੈਣ ਹਨੇਰੇ

ਉਹਨੇ ਹੱਸ ਕੇ ਆਖਿਆ ਵੀਰਾ, ਪੱਲੇ ਬੰਨ੍ਹ ਲੈ ਗਿੱਲ
ਹਰ ਬੰਦੇ ਨੂੰ ਜ਼ਿੰਦਾ ਰਹਿਣ ਦਾ ਆਉਣਾ ਚਾਹੀਦਾ ਏ ਵੱਲ

ਹਵਾਲਾ: ਰੁੱਤ ਦੇ ਚਾਰ ਸਫ਼ਰ, ਅਫ਼ਜ਼ਲ ਅਹਸਨ ਰੰਧਾਵਾ; ਅੰਦਾਜ਼ੇ ਪਬਲਿਸ਼ਰਜ਼, ੧੯੭੫; ਸਫ਼ਾ ੨੩ ਤੋਂ ੨੭ ( ਹਵਾਲਾ ਵੇਖੋ )