ਸੋਚਾਂ ਦੇ ਵਿੱਚ ਤੱਕ ਲਏ ਕਿੰਨੇ ਚਿਹਰੇ ਮੈਂ

ਸੋਚਾਂ ਦੇ ਵਿੱਚ ਤੱਕ ਲਏ ਕਿੰਨੇ ਚਿਹਰੇ ਮੈਂ ।
ਜਿਹੜੇ ਨਹੀਂ ਸੀ ਲੱਭਦੇ ਆਪੇ ਘੇਰੇ ਮੈਂ ।

ਕਦੀ ਤੇ ਸੂਰਜ ਮੋਢੇ ਆਣ ਖਲੋਵੇਗਾ
ਜੱਫੀਉਂ ਜੱਫੀ ਹੋਵਾਂ ਨਾਲ ਹਨੇਰੇ ਮੈਂ ।

ਕੋਈ ਹਿਲਾ ਨਾ ਸਕਿਆ ਸੋਚ-ਜ਼ੰਜੀਰਾਂ ਨੂੰ
ਉਂਜ ਲਏ ਨੇ ਕਈ ਚਿੰਤਾ ਦੇ ਫੇਰੇ ਮੈਂ ।

ਚਿੱਟੇ ਨਾਗ਼ਾਂ ਨੂੰ ਵੀ ਕੋਈ ਕੀਲੇਗਾ
ਡਿੱਠੇ ਫਿਰਦੇ ਸ਼ਹਿਰਾਂ ਵਿਚ ਸਪੇਰੇ ਮੈਂ ।

ਜਦ ਵੀ ਕਿਧਰੇ ਗੱਲ ਹੋਈ ਵੰਗਾਰੀ ਦੀ
ਚੇਤੇ ਰੱਖੇ ਅੱਖਰਾਂ ਵਿੱਚ ਪਸੇਰੇ ਮੈਂ ।

ਕੋਈ ਸਾਹਵਾਂ ਦੀ ਯਾਰੀ ਤੋੜ ਨਿਭਾਉਂਦਾ ਨਹੀਂ,
'ਅਕਬਰ' ਛੱਜ ਪਾ ਛੰਡ ਲਏ ਯਾਰ ਵਧੇਰੇ ਮੈਂ