ਜੀਹਦੇ ਪਾਰੋਂ ਜੱਗ ਤੇ ਸਾਡਾ, ਬਖ਼ਤ ਉਚੇਰਾ ਹੋਣਾ ਸੀ

ਜੀਹਦੇ ਪਾਰੋਂ ਜੱਗ ਤੇ ਸਾਡਾ, ਬਖ਼ਤ ਉਚੇਰਾ ਹੋਣਾ ਸੀ
ਵਾਹ ਤਕਦੀਰੇ! ਤੂੰ ਵੀ ਸਾਥੋਂ ਉਹ ਹੀ ਬੰਦਾ ਖੋਹਣਾ ਸੀ

ਸ਼ਕਲੋਂ ਵੀ ਉਹ ਘੱਟ ਤੇ ਨਹੀਂ ਸੀ, ਸੂਰਜ, ਚੰਨ, ਸਿਤਾਰਿਆਂ ਤੋਂ
ਸੋਚਾਂ, ਅਮਲਾਂ ਪਾਰੋਂ ਵੀ ਉਹ ਸੋਹਣਾਂ ਤੇ ਮਨਮੋਹਣਾ ਸੀ

ਇਨਸਾਫ਼ਾਂ ਦੇ ਨਾਂ ਤੇ ਅਨਿਆ, ਜਿਹੜਾ ਚੰਨ ਚੜ੍ਹਾਇਆ ਏ
ਦੱਸੋ ਬੇਇਨਸਾਫ਼ੀ ਵਿਚ ਵੀ, ਇਸ ਤੋਂ ਵੱਧ ਕੀ ਹੋਣਾ ਸੀ

ਜੀਵਨ ਦਾ ਵੱਲ ਦੱਸਿਐ ਮੈਨੂੰ, ਉਸ ਜੀਅ ਦਾਰ ਦੇ ਜੀਵਨ ਨੇ
ਔਖੇ ਵੇਲੇ ਦਾ ਹਰ ਪੱਥਰ, ਜੀਹਦੇ ਲਈ ਖਿਡੌਣਾ ਸੀ

ਸਾਡੀ ਥੋੜ-ਦਿਲੀ ਦਾ ਵੀ ਏ, ਹਿੱਸਾ ਉਹਦੇ ਵੱਢਣ ਵਿਚ
ਜਿਹੜੇ ਰੁੱਖ ਨੇ ਆਤਿਫ਼ ਸਾਨੂੰ ਧੁੱਪੋਂ ਬਹੁਤ ਲਕੋਣਾ ਸੀ