ਬੰਦਾ ਹੋਣ ਦਾ ਮਤਲਬ ਕੀ ਏ

ਬੰਦਾ ਹੋਣ ਦਾ ਮਤਲਬ ਕੀ ਏ
ਹੁਸਨ ਰੌਣ ਦਾ ਮਤਲਬ ਕੀ ਏ

ਤੈਨੂੰ ਮਿਲ ਕੇ ਇਹ ਗੱਲ ਸਮਝੀ
ਕਲਾ ਹੋਣ ਦਾ ਮਤਲਬ ਕੀ ਏ

ਜਿਸ ਗੱਲ ਵਿਚ ਕੋਈ ਗੱਲ ਨਾਂ ਹੋਵੇ
ਓਨੂੰ ਛੋਹਣ ਦਾ ਮਤਲਬ ਕੀ ਏ

ਦੂਰੀ ਨੂੰ ਤੇ ਸਮਝ ਗਿਆ ਮੈਂ
ਨੇੜੇ ਹੋਣ ਦਾ ਮਤਲਬ ਕੀ ਏ

ਵਾ ਵਰੋਲੇ ਮੈਥੋਂ ਪੁੱਛਦੇ
ਬਹਿਣ ਖਲੋਣ ਦਾ ਮਤਲਬ ਕੀ ਏ

ਇਕ ਘੁਮਿਆਰ ਸਿਖਾਇਆ ਮੈਨੂੰ
ਮਿੱਟੀ ਗੁਣ ਦਾ ਮਤਲਬ ਕੀ ਏ

ਇਕ ਸੁਫ਼ਨੇ ਨੇ ਇਹ ਗੱਲ ਦੱਸੀ
ਜਾਗਣ ਸੌਣ ਦਾ ਮਤਲਬ ਕੀ ਏ

ਇਕ ਸੂਲ਼ੀ ਹਾ ਭਰ ਕੇ ਬੋਲੀ
ਉੱਚੀ ਧੋਣ ਦਾ ਮਤਲਬ ਕੀ ਏ

ਇਕ ਦੀਵੇ ਨੇ ਜੱਗ ਕੇ ਦੱਸਿਆ
ਨ੍ਹੇਰਾ ਟੋਹਣ ਦਾ ਮਤਲਬ ਕੀ ਏ

ਕੀ ਜਾਨਾਂ ਮੈਂ ਕੌਣ ਆਂ ਬਲਹਿਆ
ਪਰ ਉਸ ਕੌਣ ਦਾ ਮਤਲਬ ਕੀ ਏ