ਆਇਆ ਕੇਹਾ ਦੌਰ ਏ ਧੱਕੇ-ਸ਼ਾਹੀ ਦਾ

ਆਇਆ ਕੇਹਾ ਦੌਰ ਏ ਧੱਕੇ-ਸ਼ਾਹੀ ਦਾ
ਜ਼ੁਲਮ ਨੂੰ ਮਿੱਥਣਾ ਪੈ ਗਿਆ ਅਮਰ ਇਲਾਹੀ ਦਾ

ਐਵੇਂ ਅੱਖੀਂ ਮੀਟ ਕਟ ਜਿੰਦੜੀ ਅੰਨੀ ਜਿਹੀ
ਵੈਰੀ ਤਾਈਂ ਨਾਂ ਦੇ ਬੈਠੀ ਮਾਹੀ ਦਾ

ਕੀ ਹੋਇਆ ਜੇ ਧੌਣ ਉਚੇਰੀ ਕਰਕੇ ਮੈਂ
ਪਾ ਬੈਠਾ ਗਲ ਵਿੱਚ ਗਲਾਵਾਂ ਫਾਹੀ ਦਾ

ਲੱਗੇ ਨਾ ਸੱਚ ਕੌੜਾ ਤੇ ਮੈਂ ਆਖ ਦਿਆਂ
ਕੋਈ ਹਾਲ ਨਈਂ ਤੇਰੀ ਆਲੀਜਾਹੀ ਦਾ

ਇਸ ਦੁਨੀਆਂ ਦੀ ਰੀਤ ਏ ਅਸ਼ਰਫ਼ ਅਜਲਾਂ ਤੋਂ
ਹੀਰਾਂ ਨੂੰ ਨਈਂ ਖੇੜਿਆਂ ਨਾਲ ਵਿਆਹੀ ਦਾ