ਇਹ ਜਿਨ੍ਹਾਂ ਨੂੰ ਲੋਕ ਸਮਝਦੇ ਤਾਰੇ ਨੇ

ਇਹ ਜਿਨ੍ਹਾਂ ਨੂੰ ਲੋਕ ਸਮਝਦੇ ਤਾਰੇ ਨੇ
ਅਸਲ 'ਚ ਉਹਦੇ ਕੋਕੇ ਦੇ ਲਿਸ਼ਕਾਰੇ ਨੇ

ਪਰਖ ਰਿਹਾ ਵਾਂ ਭਰਮ ਏ ਮੇਰੀਆਂ ਨਜ਼ਰਾਂ ਦਾ
ਯਾ ਉਹ ਖ਼ਵਰੇ ਆਪ ਈ ਐਡੇ ਪਿਆਰੇ ਨੇ

ਦਿਸਦਾ ਨਹੀਂ ਕੀ ਨ੍ਹੇਰ ਖਿਲਾਵਣ ਵਾਲੇ ਨੂੰ
ਪੂਹਰੀਆਂ ਪੂਹਰੀਆਂ ਕਰਕੇ ਛੱਤੇ ਢਾਰੇ ਨੇ

ਸੋਚ ਰਿਹਾਂ ਕਿ ਉਹਨੇ ਰੱਬ ਕਹਾਵਣ ਲਈ
ਅੱਜ ਤੱਕ ਖ਼ਵਰੇ ਕਿੰਨੇ ਬੰਦੇ ਮਾਰੇ ਨੇ

ਪਾਲ ਹੱਲਾਜਾ, ਮਿੱਧ ਕੇ ਟੁਰ ਜਾ ਕੀੜੀ ਨੂੰ
ਕਿਹੜਾ ਉਹਨੇ ਪਾਉਣੇ ਸ਼ੋਰ ਕਕਾਰੇ ਨੇ