ਘੋਲਣ ਵਿੱਸਾਂ ਲੋਕੀ ਸ਼ਹਿਰਾਂ, ਬਾਰਾਂ ਦੇ

ਘੋਲਣ ਵਿੱਸਾਂ ਲੋਕੀ ਸ਼ਹਿਰਾਂ, ਬਾਰਾਂ ਦੇ
ਸੱਪਾਂ ਜਿਹੇ ਕਿਰਦਾਰ ਨੇਂ ਇਥੇ ਯਾਰਾਂ ਦੇ

ਹੁਣ ਤੇ ਉਸ ਵਸਤੀ ਦਾ ਰੱਬ ਈ ਰਾਖਾ ਏ
ਨੀਤਾਂ ਦੇ ਵਿਚ ਖੋਟ ਨੇਂ ਪਹਿਰੇਦਾਰਾਂ ਦੇ

ਜਾਵਣ ਵਾਲੇ ਨਿੰਦਰ ਨਾਲ਼ ਈ ਲੈ ਗਏ ਨੇਂ
ਅਖੀਆਂ ਵਿਚ ਜਗਰਾਤੇ ਨੇਂ ਦਿਲਦਾਰਾਂ ਦੇ

ਕਿੰਨੀਆਂ ਸੁੱਚੀਆਂ ਚੁੰਨੀਆਂ ਪੈਰੀਂ ਰੁਲੀਆਂ ਨੇਂ
ਸ਼ਿਮਲੇ ਮੁੜ ਵੀ ਉੱਚੇ ਨੇਂ ਸਰਦਾਰਾਂ ਦੇ

ਵੈਰ ਕ੍ਰੋਧ ਤੇ ਨਫ਼ਰਤ ਅਤਾਂ ਚਾਈਆਂ ਨੇਂ
ਕਦ ਆਉਣ ਗੇ ਖ਼ੋਰੇ ਮੌਸਮ ਪਿਆਰਾਂ ਦੇ

ਬੇ ਫ਼ੈਜ਼ਾਂ ਚੋਂ ਕੀ ਲੱਭਦੇ ਓ ਆਜ਼ਮ ਜੀ
ਅੱਕਾਂ ਤੇ ਨਈਂ ਲਗਦੇ ਫੁੱਲ ਅਨਾਰਾਂ ਦੇ

ਹਵਾਲਾ: ਸਾਈਂ ਸਨੀਹੜੇ ਘੱਲੇ, ਆਜ਼ਮ ਮੁਲਕ; ਸਫ਼ਾ 25 ( ਹਵਾਲਾ ਵੇਖੋ )