ਤੇਰੇ ਰੰਗ ਜੇ ਰੰਗੀ ਹੁੰਦੀ

ਤੇਰੇ ਰੰਗ ਜੇ ਰੰਗੀ ਹੁੰਦੀ
ਦੁਨੀਆ ਕਿੰਨੀ ਚੰਗੀ ਹੁੰਦੀ

ਯਾਰੀ ਤੋੜ ਵੀ ਚੜ੍ਹ ਸਕਦੀ ਸੀ
ਜੇ ਨਾ ਗ਼ਰਜ਼ਾਂ ਡੰਗੀ ਹੁੰਦੀ

ਦਿਲ ਦਾ ਵੇੜ੍ਹਾ ਖੁੱਲਾ ਰੱਖਦੇ
ਏਨੀ ਤੇ ਨਾ ਤੰਗੀ ਹੁੰਦੀ

ਤੇਰਾ ਸਾਥ ਵੀ ਮੰਗ ਲੈਂਦਾ ਮੈਂ
ਜੇ ਕਰ ਜਿੰਦੜੀ ਮੰਗੀ ਹੁੰਦੀ

ਤੂੰ ਨਾ ਹੁੰਦਾ ਤੇ ਇਹ ਧਰਤੀ
ਅੰਬਰਾਂ ਉਤੇ ਟੰਗੀ ਹੁੰਦੀ

ਬਹੁਤਾ ਚਿਰ ਨਈਂ ਵਸਦੇ ਆਜ਼ਮ
ਸੋਚ ਜਿਨ੍ਹਾਂ ਦੀ ਜੰਗੀ ਹੁੰਦੀ