ਦਾਵੇ ਕਰਕੇ ਯਾਰੀ ਦੇ

ਦਾਵੇ ਕਰਕੇ ਯਾਰੀ ਦੇ
ਮੁੜ ਨਈਂ ਯਾਰ ਵਸਾਰੀ ਦੇ

ਯਾਂ ਤੇ ਸਾਡੀ ਖੇਡ ਮੁਕਾ
ਨਈਂ ਤੇ ਸਾਨੂੰ ਵਾਰੀ ਦੇ

ਦਿਲ ਜੁਰਮਾਨੇ ਭਰਦਾ ਏ
ਅੱਖ ਦੀ ਕਾਰਗੁਜ਼ਾਰੀ ਦੇ

ਦਰਸ਼ਨ ਦਾਰੂ ਮੰਗਦੇ ਨੇਂ
ਰੋਗੀ ਇਸ਼ਕ ਬਿਮਾਰੀ ਦੇ

ਰੰਗ ਹਯਾਤੀ ਬਦਲੇਗੀ
ਆ ਕੇ ਹੱਥ ਲਲਾਰੀ ਦੇ

ਕਿੰਨੇ ਮਤਲਬ ਕੱਢੇ ਨੇਂ
ਲੋਕਾਂ ਕੰਧ ਉਸਾਰੀ ਦੇ

ਹਵਾਲਾ: ਸਾਈਂ ਸਨੀਹੜੇ ਘੱਲੇ, ਆਜ਼ਮ ਮੁਲਕ; ਸਾਂਝ; ਸਫ਼ਾ 27 ( ਹਵਾਲਾ ਵੇਖੋ )