ਉੱਠ ਕਬਰ 'ਚੋਂ 'ਵਾਰਿਸ' 'ਬੁੱਲਿਆ'
ਮੀਆਂ ਮੁਹੰਮਦਾ, ਜਾਗ ਫਰੀਦਾ,
ਅੱਪੜ ਬਾਹੂ, ਬਹੁੜ- ਹੁਸੈਨਾ,
ਲਹਿਜਿਆਂ ਦੇ ਫੜ ਹੱਥੀਂ ਟੋਕੇ
ਥਾਉਂ ਥਾਈਂ ਉੱਠ ਖਲੋਤੇ
ਵੱਢਿਓ! ਖੇਡ ਵਿਗਾੜਨ ਲੱਗੇ
ਮੇਲਾ ਫੇਰ ਉਜਾੜਨ ਲੱਗੇ
ਸਦੀਆਂ ਦਾ ਪੰਜਾਬ ਤੁਹਾਡਾ
ਫਿਰ ਇੱਕ ਵਾਰੀ ਵੰਡਣਾ ਚਾਹੁੰਦੇ
ਆਪਣੇ ਘਰ ਨੂੰ ਵੰਡਣਾ ਚਾਹੁੰਦੇ ।
ਰੱਖ ਬੰਦੂਕਾਂ ਤੁਹਾਡੇ ਮੋਢੇ
ਆਪਣਾ ਕੱਦ ਵਧਾਉਣਾ ਚਾਹੁੰਦੇ
ਕੱਢ ਤੁਹਾਨੂੰ ਵਿਚ ਸਮੁੰਦਰੋਂ
ਆਪਣਾ ਨਾਂ ਚਮਕਾਉਣਾ ਚਾਹੁੰਦੇ ।
ਇਹ ਮੈਂ ਕਿੰਝ ਨਜ਼ਾਰਾ ਵੇਖਾਂ,
ਚੰਨ ਦੇ ਬਦਲੇ ਤਾਰਾ ਵੇਖਾਂ
ਇਹ ਮੈਂ ਕਿੰਝ ਨਜ਼ਾਰਾ ਵੇਖਾਂ,
ਚੰਨ ਦੇ ਬਦਲੇ ਤਾਰਾ ਵੇਖਾਂ
ਸਾਡਾ ਵਿਰਸਾ ਮੁੱਖ ਤੁਸੀਂ,
ਸਾਡੇ ਸਿਰ ਦੇ ਰੁੱਖ ਤੁਸੀਂ ।
ਨਵੇਂ ਮਦਾਰੀ ਆ ਕੇ ਤੱਕੋ
ਜਿਵੇਂ ਡੱਕੇ ਜਾਂਦੇ ਡੱਕੋ ।
ਅਜੇ ਤਾਂ ਪਿਛਲੀ ਵੰਡ ਨਹੀਂ ਭੁੱਲੀ,
ਬੂਥੇ ਵੱਜੀ ਚੰਡ ਨਹੀਂ ਭੁੱਲੀ ।