ਸ਼ੀਸ਼ੇ ਉਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ। ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ । ਉਹਨਾਂ ਦਾ ਵੀ ਤੂੰਹੀਉਂ ਰੱਬ ਏਂ ਇਹਦਾ ਅੱਜ ਜਵਾਬ ਤੇ ਦੇ, ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ । ਜਿਹਨਾਂ ਦੇ ਗਲ ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨਈਂ, ਕੱਬਰਾਂ ਉਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ । ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ, ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ । ਸ਼ੀਸ਼ੇ ਉਤੇ ਮਲੇ ਸਿਆਹੀਆਂ ਹੱਕ ਏ ਮੇਰੇ ਦੁਸ਼ਮਣ ਦਾ, ਸੱਜਣਾਂ ਨੂੰ ਕੀ ਬਣੀਆਂ ਮੇਰੇ ਫੁੱਲ ਲਿਤਾੜੀ ਜਾਂਦੇ ਨੇ । ਚਲ ਉਏ 'ਬਾਬਾ ਨਜਮੀ' ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ, ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ।