ਚੰਗਾ ਹੁੰਦਾ ਅਸੀਂ ਤਾਰੇ ਹੁੰਦੇ

ਚੰਗਾ ਹੁੰਦਾ ਅਸੀਂ ਤਾਰੇ ਹੁੰਦੇ
ਅੰਨ੍ਹੀ ਰਾਤ ਦੇ ਵੀੜ੍ਹੇ ਅੰਦਰ
ਲਾਟਾਂ ਬਣ ਬਣ ਖਿੜ ਖਿੜ ਹੱਸਦੇ
ਚੰਗਾ ਹੁੰਦਾ ਅਸੀਂ ਬਦਲ ਹੁੰਦੇ
ਤੁਸੀ ਭੋਈਂ ਦੇ ਸੀਨੇ ਉੱਤੇ
ਕਣ ਮਿਣ ਡਿਗਦੇ ਛਮ ਛਮ ਵਸਦੇ

ਚੰਗਾ ਹੁੰਦਾ ਅਸੀਂ ਪਰਬਤ ਹੁੰਦੇ
ਨਾ ਕੁੱਝ ਸੁਣਦੇ ਨਾ ਕੁੱਝ ਕਹਿੰਦੇ
ਬੁੱਟ ਬੁੱਟ ਜੱਗ ਨੂੰ ਤੱਕਦੇ ਰਹਿੰਦੇ
ਚੰਗਾ ਹੁੰਦਾ ਅਸੀਂ ਜੰਗਲ਼ ਹੁੰਦੇ
ਵਾਵਾਂ ਦੇ ਰਲ਼ ਗਾਵਣ ਗਾਵੰਦੇ
ਮੋਰਾਂ ਦੇ ਰਲ਼ ਪੈਲਾਂ ਪਾਉਂਦੇ

ਮੰਦਾ ਹੋਇਆ ਅਸੀਂ ਮਾਣਸ ਹੋਏ
ਲੱਖ ਕਰੋੜ ਮਾਸੂਮ ਨਿਤਾਣੇ
ਸਾਡੇ ਆਪਣੇ ਹੱਥੀਂ ਮੋਏ