ਜੋ ਸਿਰ ਪਈ ਹੱਸ ਕੇ ਜਰ ਲਈ ਏ

ਜੋ ਸਿਰ ਪਈ ਹੱਸ ਕੇ ਜਰ ਲਈ ਏ
ਜੀਵਨ ਦੀ ਕੀਮਤ ਭਰ ਲਈ ਏ

ਮੈਂ ਯਾਰ ਦੇ ਨਾਜ਼ ਉਠਾਵਣ ਲਈ
ਜਿੰਦ ਆਪਣੀ ਗਹਿਣੇ ਧਰ ਲਈ ਏ

ਵਿਚ ਹਾਰ ਪਿਆਰ ਦੀ ਜਿੱਤ ਹੁੰਦੀ
ਇਹ ਸੋਚ ਕੇ ਬਾਜ਼ੀ ਹਰ ਲਈ ਏ

ਜਦ ਸਾਨੂੰ ਪੈਣ ਦੀ ਲੋੜ ਪਈ
ਸਾਕੀ ਨੇ ਤੌਬਾ ਕਰ ਲਈ ਏ

ਬੀਜੀ ਫ਼ਲਕ ਜੋ ਫ਼ਸਲ ਪਿਆਰਾਂ ਦੀ
ਜਦ ਪੱਕੀ ਡੰਗਰਾਂ ਚਿਰ ਲਈ ਏ

ਹਵਾਲਾ: ਸੋਚਾਂ ਦੀ ਬੁੱਕਲ; ਸਫ਼ਾ 41 ( ਹਵਾਲਾ ਵੇਖੋ )