ਜਿਸ ਨੂੰ ਲੋਕੀਂ ਕਹਿਣ ਆਜ਼ਾਦੀ, ਉਸ ਦਾ ਲੈ ਨਾ ਨਾਂ ਵੇ ਬਚਿਆ

ਜਿਸ ਨੂੰ ਲੋਕੀਂ ਕਹਿਣ ਆਜ਼ਾਦੀ, ਉਸ ਦਾ ਲੈ ਨਾ ਨਾਂ ਵੇ ਬਚਿਆ
ਸੇਕ ਰਹੇ ਸੰਤਾਲ਼ੀ ਤੋਂ ਹੀ, ਅਗਨ ਬਿਰਖ ਦੀ ਛਾਂ ਵੇ ਬਚਿਆ

ਮਰਦੇ ਦਮ ਤੱਕ ਬਾਬੁਲ ਤੇਰਾ, ਰਿਹਾ ਤੜਫ਼ਦਾ ਆਪਣੇ ਪਿੰਡ ਨੂੰ
ਇਹ ਧਰਤੀ ਨਾ ਬਣੀ ਕਦੇ ਵੀ, ਉਸ ਦੀ ਖ਼ਾਤਿਰ ਮਾਂ ਵੇ ਬਚਿਆ

ਕੇਰੇ ਬੀਜ ਸਿਆੜਾਂ ਅੰਦਰ, ਖ਼ੂਨ ਪਸੀਨਾ ਬੜਾ ਖ਼ਰਚਿਆ
ਸਾਡੀ ਫ਼ਸਲ ਉਮੀਦਾਂ ਵਾਲੀ, ਚੂੰਡ ਗਏ ਸਭ ਕਾਂ ਵੇ ਬਚਿਆ

ਭਰੇ ਭਕੁਨੇ ਘਰ ਨੂੰ ਛੱਡਿਆ, ਤਨ ਦੇ ਤਿੰਨੇ ਕੱਪੜੇ ਲੈ ਕੇ
ਇਲਮ ਨਹੀਂ ਸੀ ਉਜੜਨ ਵੇਲੇ, ਮੁੜਨਾ ਨਹੀਂ ਉਸ ਥਾਂ ਵੇ ਬਚਿਆ

ਦਸ ਲੱਖ ਤੋਂ ਵੱਧ ਚੰਨ ਸਿਤਾਰੇ, ਮਾਵਾਂ ਵਾਰੇ ਕਿਹੜੇ ਲੇਖੇ
ਜਸ਼ਨ ਮਨਾਉਂਦਿਆਂ ਨੂੰ ਤੂੰ ਪੁੱਛੀਂ, ਜਦ ਹੋਵੇ ਚੁੱਪ ਚਾਂ ਵੇ ਬਚਿਆ

ਇਹ ਰਾਜੇ ਇਹ ਰਾਜ ਘਰਾਣੇ, ਸਾਡੀ ਰੂਹ ਦੇ ਜ਼ਖ਼ਮ ਪੁਰਾਣੇ
ਇਕੋ ਤਾਸ਼ ਬਵੰਜਾ ਪੱਤੇ, ਚਾਰਨ ਭੋਲੀ ਗਾਂ ਵੇ ਬਚਿਆ

ਉਹੀ ਸਫ਼ਰ ਬਿਖੜਿਆ ਪੈਂਡਾ, ਰਾਤ ਦਿਵਸ ਦੇ ਸੰਸੇ ਝੋਰੇ
ਸਿਰਫ਼ ਟਿਕਾਣਾ ਬਦਲ ਗਿਆ ਹੈ, ਇਹ ਕੁੱਝ ਦੱਸਿਆ ਏ ਤਾਂ ਵੇ ਬਚਿਆ

ਹਵਾਲਾ: ਰਾਵੀ, ਗੁਰਭਜਨ ਗਿੱਲ; ਸਾਂਝ ਲਾਹੌਰ; ਸਫ਼ਾ 19 ( ਹਵਾਲਾ ਵੇਖੋ )