ਬਾਤਾਂ ਪਾਈਆਂ ਬਾਤ ਨਹੀਂ ਮੁੱਕਦੀ

ਬਾਤਾਂ ਪਾਈਆਂ ਬਾਤ ਨਹੀਂ ਮੁੱਕਦੀ
ਰਵਿਆਂ ਕਾਲ਼ੀ ਰਾਤ ਨਹੀਂ ਮੁੱਕਦੀ

ਛਹਨਦੇ ਫੁਰਨੇ ਆਂ, ਜੀ ਭਿਆਣੇ
ਪਰ ਨਫ਼ਰਤ ਸੌਗ਼ਾਤ ਨਹੀਂ ਮੁੱਕਦੀ

ਕੱਲ੍ਹ ਇਕ ਸੱਪ ਨੂੰ ਇਹ ਸੀ ਸ਼ਿਕਵਾ
ਕਿਉਂ ਇਹ ਆਦਮ ਜ਼ਾਤ ਨਹੀਂ ਮੁੱਕਦੀ

ਸਾਵਣ ਰੋ ਧੋ ਟੁਰ ਜਾਂਦਾ ਏ
ਨੈਣ ਝੜੀ ਬਰਸਾਤ ਨਹੀਂ ਮੁੱਕਦੀ

ਭੁੱਖ ਕੁਲਹਿਣੀ, ਬੜਾ ਲੜੇ ਆਂ
ਖ਼ੋਰੇ ਕਿਉਂ ਕੰਮ ਜ਼ਾਤ ਨਹੀਂ ਮੁੱਕਦੀ

ਸੋਹਣੀ ਤੇ ਕੁਮਹਾਰਣ ਰਹਿਣਾ
ਜਦ ਤੱਕ ਲਹੂ ਦੀ ਵਾਤ ਨਹੀਂ ਮੁੱਕਦੀ

ਲਿਖਦਾ ਰਹੇਗਾ ਹੁਸਨ ਸਹੀਫ਼ੇ
ਜਦ ਤੱਕ ਲਹੂ ਦਵਾਤ ਨਹੀਂ ਮੁੱਕਦੀ