ਤੇਰੀ ਅੱਖ ਏ ਲੋਭੀ ਚਾਨਣ ਲਹਿਰ ਦੀ

ਤੇਰੀ ਅੱਖ ਏ ਲੋਭੀ ਚਾਨਣ ਲਹਿਰ ਦੀ
ਮੈਨੂੰ ਚਿੰਤਾ ਸੜਦੇ ਬਲਦੇ ਸ਼ਹਿਰ ਦੀ

ਸੱਚ ਸਹੀਫ਼ੇ ਪਾੜੇ, ਸਾੜੇ, ਲੋਹੇ ਗਏ
ਹੋਰ ਨਿਸ਼ਾਨੀ ਕੀ ਏ ਰੱਬੀ ਕਹਿਰ ਦੀ

ਲਿਸ਼ਕਿਆ ਪੋਚਿਆ ਪਿੰਡਾ ਜਗ ਪਿਆ ਮੂੰਹਦਾ ਏ
ਰੂਹ ਰੋਗੀ ਏ ਨੱਸ ਨੱਸ ਫੈਲੇ ਜ਼ਹਿਰ ਦੀ

ਜਿਸ ਦਿਲ ਨਗਰੀ ਡੇਰਾ ਲਾਇਆ ਇਸ਼ਕੇ ਨੇ
ਓਥੇ ਸੱਦਾ ਰਵਾਨੀ ਏਸ ਲਹਿਰ ਦੀ

ਰਾਤ ਬਰਾਤੇ ਚੋਰੀ, ਡਾਕਾ ਸੁਣਿਆ ਸੀ
ਉਹੋ ਰੀਤ ਏ ਅੱਜ ਕੱਲ੍ਹ ਸ਼ੁਕਰ ਦੁਪਹਿਰ ਦੀ

ਸ਼ਾਇਰ ਤੇ ਫ਼ਨਕਾਰ ਨੇਂ ਚਾਨਣ ਸੋਚਾਂ ਦਾ
ਮੌਤ ਜਿਹਨਾਂ ਦੀ ਮੌਤ ਏ ਰੌਸ਼ਨ ਪਹਿਰ ਦੀ

ਸੂਰਜ ਚੰਨ ਸਿਤਾਰੇ ਟੂੰਬਾਂ ਉਸ ਦੀਆਂ
ਹੁਸਨ ਜਿਹਦੇ ਮੁਖੜੇ ਤੇ ਅੱਖ ਨਾ ਠਹਿਰ ਦੀ

ਹਵਾਲਾ: ਨੀਤੀ ਇਸ਼ਕ ਨਮਾਜ਼, ਹੁਸਨ ਮੁਲਕ; ਸਾਂਝ ਲਾਹੌਰ 2009؛ ਸਫ਼ਾ 27 ( ਹਵਾਲਾ ਵੇਖੋ )