ਤੇਰਾ ਹਿੱਸਾ

ਮੈਂ ਕਿਤਨਾ ਕੁ ਤੇਰੇ ਆਉਂਦਾ ਹਾਂਂ
ਤੇਰੇ
ਇਸ ਸਵਾਲ ਦਾ
ਹਾਲ ਦੀ ਘੜੀ
ਮੇਰੇ ਕੋਲ਼ ਕੋਈ ਉੱਤਰ ਨਹੀਂ

ਅਜੇ ਤਾਂ ਮੈਂ
ਆਪਣੇ ਆਪੇ ਦੀ ਕਰਨੀ ਹੀਏ
ਅੰਬਰ ਨੇ ਅਪਣਾ ਹਿੱਸਾ ਮੰਗਣਾ ਹੈ
ਹਵਾ ਨੇ ਅਪਣਾ
ਕਿਹੜੀ ਅਗਨ ਨੇ
ਕਿੰਨਾ ਸਾੜਨਾ ਹੈ ਮੈਨੂੰ

ਕਿਹੜੇ ਪਾਣੀਆਂ ਨੇ ਕਿਨਾ ਖੋਰਨਾ
ਅਜੇ ਕੀ ਪਤਾ ਏ ਮੈਨੂੰ
ਰਿਸ਼ਤਿਆਂ ਨੇ ਆਪਣੇ ਹਿੱਸੇ ਦਾ ਦਾਵਾ ਕਰਨਾ ਹੈ
ਦੋਸਤਾਂ ਵੰਡ ਲੈਣਾ ਹੈ
ਥੋੜਾ ਥੋੜਾ
ਆਪਣੀ ਸ਼ਿੱਦਤ ਮੁਤਾਬਿਕ
ਐਵੇਂ ਥੋੜਾ ਜਿਹਾ ਮੇਰਾ ਹਿੱਸਾ
ਸੜਕਾਂ ਤੇ ਬਿਖਰਨਾ ਹੈ
ਰਾਖ ਵਾਂਗੂੰ
ਸੂਰਜ
ਚੰਨ
ਤਾਰੇ
ਆਪੋ ਅਪਣਾ ਹਿੱਸਾ ਮੰਗਣਗੇ
ਇਸ ਤਕਸੀਮ ਚੋਂ ਮੈਂ
ਕਿਨਾ ਕੁ ਬਚ ਸਕਾਂਗਾ
ਕੌਣ ਜਾਂਦਾ ਹੈ
ਅਜੇ ਤਾਂ ਮੈਂ
ਅਨੇਕ ਫ਼ਲਸਫ਼ਿਆਂ ਦਾ ਕਰ ਜ਼ੀ ਹਾਂ

ਅਣਗਿਣਤ ਅਸੂਲਾਂ ਦਾ ਦੇਣਦਾਰ
ਹਾਂ ਏਨਾ ਜਾਂਦਾ ਹਾਂ
ਜਿੰਨਾਂ ਚਿਰ
ਤੇਰੇ ਕੋਲ਼ ਹੁੰਦਾ ਹਾਂ
ਜਿੰਨੇ ਕੋ ਪਲ਼ ਛਿਣ
ਸਾਰਾ ਦਾ ਸਾਰ
ਤੇਰਾ ਹੁੰਦਾ ਏ
ਉਦੋਂ
ਮਨਫ਼ੀ ਹੋ ਜਾਂਦੀ ਹੈ
ਕੱਲ੍ਹ ਕਾਇਨਾਤ
ਤੋਂ ਸਾਲਮ ਸਬੂਤੀ
ਕਾਇਨਾਤ ਹੋ ਜਾਨੀ ਹੈਂ

ਮੈਂ ਤੇਰੀ ਗੋਦ ਵਿਚ
ਅਰਪ ਦਿੰਦਾ ਹਾਂ
ਅਪਣਾ ਖਿੰਡਿਆ
ਉਦੋਂ ਮੈਂ ਸਿਰਫ਼ ਤੇਰਾ ਹੁੰਦਾ ਹਾਂ

ਤੇ ਹਾਲ ਦੀ ਘੜੀ
ਤੇਰੇ ਏਸ ਸਵਾਲ ਦਾ
ਮੇਰੇ ਕੋਲ਼ ਬੱਸ ਇਹੀ ਉੱਤਰ ਹੈ