ਬੁੱਤ ਸ਼ਿਕਨ

ਸਵਰਨਜੀਤ ਸਵੀ ਲਈ ਇਕ ਨਜ਼ਮ
۔۔۔
ਚੁਫ਼ੇਰੇ ਭੀੜ ਹੈ
ਹੱਥਾਂ ਚ ਪੱਥਰ ਫੜੀ
ਘੋਰ ਰਹੀ ਹੈ
ਏਸ ਅਜੀਬ ਬੁੱਤ ਸ਼ਿਕਨ ਨੂੰ
ਜੋ ਰੁਝਿਆ ਹੋਇਆ ਹੈ
ਆਪਣੇ ਹੀ ਬਣਾਏ
ਬੁੱਤਾਂ ਨੂੰ ਤੋੜਨ ਵਿਚ
ਹਰ ਇਕ ਸੱਚੇ ਬੁੱਤ ਸ਼ਿਕਨ ਦਾ
ਇਮਤਿਹਾਨ ਹੀ ਹੁੰਦਾ ਹੈ
ਰੀਝ ਨਾਲ਼ ਬਣਾਏ
ਆਪਣੇ ਹੀ ਬੁੱਤਾਂ ਨੂੰ ਤੋੜ ਨਾਂ

ਆਪਣੇ ਪ੍ਰਭਾ ਮੰਡਲ ਵਿਚ ਮਸਤ
ਆਪਣੀ ਅਸਮਤਾ ਆਪਣੀਆਂ ਸੀਮਾਵਾਂ
ਸਭ ਜਾਂਦਾ ਹੈ ਬੁੱਤ ਸ਼ਿਕਨ
ਬੁੱਤ ਸ਼ਿਕਨ
ਜਿਸ ਨੇ ਭੀੜ ਵੱਲ ਕਦੇ ਤੱਕਿਆ ਨਹੀਂ
ਭੀੜ
ਜੌਂ ਭਸਮ ਕਰਨਾ ਲੋਚਦੀ ਹੈ ਉਸ ਨੂੰ
ਪਰ
ਉਹ ਕਦੇ
ਭੀੜ ਦਾ ਹਿੱਸਾ ਨਹੀਂ ਬਣਦਾ
ਇਸੇ ਲਈ
ਭੀੜ ਕੋਲ਼
ਇਸ ਲਈ ਸਿਰਫ਼ ਪੱਥਰ ਹਨ
ਪੱਥਰ
ਜੋ ਉਸ ਦੇ ਜਿਸਮ ਤੇ
ਲਿਖਦੇ ਨੇਂ
ਸਜ਼ਾ ਦਾ ਇਬਾਰਤ ਨਾਮਾ

ਬੁੱਤ ਸ਼ਿਕਨ
ਸਿਰਫ਼ ਮੁਸਕਰਾ ਦਿੰਦਾ ਹੈ