ਮੈਂ ਇਨ੍ਹਾਂ ਬੇ ਜਾਨ ਸਫ਼ਿਆਂ ਤੇ ਜੋ ਅੱਖਰ ਲਿਖ ਰਿਹਾ ਹਾਂ

ਮੈਂ ਇਨ੍ਹਾਂ ਬੇ ਜਾਨ ਸਫ਼ਿਆਂ ਤੇ ਜੋ ਅੱਖਰ ਲਿਖ ਰਿਹਾ ਹਾਂ
ਆਪਣੇ ਜ਼ਿੰਦਾ ਹੋਣ ਦਾ ਪਰਮਾਣ ਪੱਤਰ ਲਿਖ ਰਿਹਾ ਹਾਂ

ਜੋ ਨਾ ਦੇਹੀ ਨਾਲ਼ ਸੜਦੇ , ਹਸ਼ਰ ਤੱਕ ਜੋ ਰਹਿਣ ਬਲਦੇ
ਉਨ੍ਹਾਂ ਜ਼ਖ਼ਮਾਂ ਦੀ ਸ਼ਨਾਖ਼ਤ ਕਰਨ ਖ਼ਾਤਿਰ ਲਿਖ ਰਿਹਾ ਹਾਂ

ਜਿਸ ਨੂੰ ਸੁਣ ਕੇ ਕਾਲ਼ਜਾ ਵਗਦੀ ਹਵਾ ਦਾ ਪਾਟਿਆ ਸੀ
ਚੀਖ਼ ਉਹ ਹਿਰਨੀ ਦੀ ਰੇਗਿਸਤਾਨ ਅੰਦਰ ਲਿਖ ਰਿਹਾ ਹਾਂ

ਸਾਂਭ ਕੇ ਸੀਨੇ ਚ ਪਰਲੇ ਪਾਰ ਦੀ ਉਹ ਬੇਕਰਾਰੀ
ਮੈਂ ਝਨਾਂ ਦੇ ਕਹਿਰ ਨੂੰ ਕੀਲਣ ਦਾ ਮੰਤਰ ਲਿਖ ਰਿਹਾ ਹਾਂ

ਕਿਸ ਤਰ੍ਹਾਂ ਦੀ ਬੇਬਸੀ ਹੈ ਤਿਤਲੀਆਂ ਫੁੱਲਾਂ ਦੇ ਹੁੰਦਿਆਂ
ਮੈਂ ਕਦੋਂ ਚਾਹੁੰਦਾ ਹਾਂ ਲਿਖਣਾ ਫਿਰ ਵੀ ਖੰਡਰ ਲਿਖ ਰਿਹਾ ਹਾਂ