ਜ਼ਲਜ਼ਲੇ ਧਰਤੀ ਦੇ ਚੜ੍ਹਦੇ ਜਾ ਰਹੇ ਨੇਂ ਅੰਬਰਾਂ ਤੇ

ਜ਼ਲਜ਼ਲੇ ਧਰਤੀ ਦੇ ਚੜ੍ਹਦੇ ਜਾ ਰਹੇ ਨੇਂ ਅੰਬਰਾਂ ਤੇ
ਕੋਈ ਵੀ ਤਾਰਾ ਕਦੇ ਵੀ ਡਿੱਗ ਸਕਦਾ ਹੈ ਘਰਾਂ ਤੇ

ਕਾਫ਼ਲਾ ਲੁੱਟਿਆ ਹੈ ਕਿਸ ਨੇਂ ਬਹਿਸ ਸਾਰੀ ਰਾਤ ਹੋਈ
ਸਾਰੀਆਂ ਹੀ ਉਂਗਲਾਂ ਟਿਕੀਆਂ ਸਵੇਰੇ ਰਹਿਬਰਾਂ ਤੇ

ਖ਼ਾਬ ਮਾਸੂਮਾਂ ਦੇ ਖ਼ਰਗੋਸ਼ਾ ਜਿਹੇ ਹੁੰਦੇ ਨੇਂ ਯਾਰੋ
ਮੂਰਤਾਂ ਸ਼ੇਰਾਂ ਦੀਆਂ ਕਿਉਂ ਛਾਪਦੇ ਹੋ ਚਾਦਰਾਂ ਤੇ

ਇਹ ਜਦੋਂ ਵੀ ਚਹਿਕਦਾ ਤਾਂ ਮੈਂ ਜਿਵੇਂ ਸੂਲ਼ੀ ਤੇ ਹੋਵਾਂ
ਦਰਦ ਉਹ ਪੰਛੀ ਹੈ ਜਿਸਦਾ ਆਲ੍ਹਣਾ ਆਂਦਰਾਂ ਤਿੱਤ

ਮੁੱਕ ਹੀ ਜਾਣਾ ਸੀ ਝਗੜਾ , ਮਿਲ ਹੀ ਜਾਣੀ ਸੀ ਖ਼ੁਦਾਈ
ਜੇ ਕਿਤੇ ਵਿਸ਼ਵਾਸ ਕਰਕੇ ਦੇਖ ਲੈਂਦੇ ਕਾਫ਼ਰਾਂ ਤੇ

ਵਕਤ ਸੀ ਭਾਰਾ ਤੇ ਉਹ ਰਿਸ਼ਤਾ ਹੀ ਹੋਲਾ ਫੁੱਲ ਵਰਗਾ
ਦੋਸ਼ ਨਾ ਪੂਰਨ ਦਾ, ਨਾ ਇਲਜ਼ਾਮ ਕੋਈ ਸੁੰਦਰਾਂ ਤੇ