ਖ਼ਤਮ ਹੋ ਜਾਵਾਂਗੇ ਜੇ ਇਕ ਪਲ ਵੀ ਹੋਏ ਬੇਧਿਆਨ

ਖ਼ਤਮ ਹੋ ਜਾਵਾਂਗੇ ਜੇ ਇਕ ਪਲ ਵੀ ਹੋਏ ਬੇਧਿਆਨ
ਵਕਤ ਦੇ ਬੇਦਰਦ ਪਹੀਏ ਆਇਆ ਵਰਤਮਾਨਨ

ਕੋਈ ਧਿਰ ਚੁਣਨੀ ਪਵੇਗੀ, ਬਚ ਨਹੀਂ ਸਕਦੇ ਅਸੀਂ
ਇਸ ਨਿਰੰਤਰ ਜੰਗ ਦੇ ਰਸਤਾ ਨਹੀਂ ਹੈ ਦਰਮਿਆਨ

ਖੋਲ੍ਹਦੇ ਗੰਢਾਂ ਤੇ ਦੱਬੀ ਚੀਖ਼ ਨੂੰ ਕਰਦੇ ਰਿਹਾ
ਏਸ ਤੋਂ ਪਹਿਲਾਂ ਕਿ ਘੱਟ ਜਾਵੇ ਲਹੂ ਦਾ ਤਾਪਮਾਨ

ਇਸ ਕਦਰ ਮੁਸ਼ਕਿਲ ਨਾ ਹੁੰਦਾ ਇਹ ਸਮੁੰਦਰ ਦਾ ਸਫ਼ਰ
ਜੇ ਬਦਲ ਲੈਂਦੇ ਜ਼ਹਾਜ਼ਾਂ ਦੇ ਪੁਰਾਣੇ ਬਾਦਬਾਨ

ਗੋੜ੍ਹਿਆਂ ਛਾਵਾਂ ਚ ਬੈਠੇ ਲੋਕ ਪੜ੍ਹਦੇ ਨੇਂ ਕਦੋਂ
ਤਪਦੀਆਂ ਰਾਹਾਂ ਤੇ ਪੈਰਾਂ ਨੇ ਲਿਖੀ ਜੋ ਦਾਸਤਾਨ

ਬੱਸ ਤੁਸੀਂ ਵਿਸ਼ਵਾਸ ਹੀ ਕੀਤਾ ਨਹੀਂ ਤੇ ਮੁੜ ਗਏ
ਸੂਤ ਦੀ ਰੱਸੀ ਨੇ ਕੱਟ ਦੇਣੀ ਸੀ ਰਾਹ ਵਿਚਲੀ ਚਟਾਨ

ਗੂੰਜਦੇ ਪੌਣਾਂ ਚ ਅਜ਼ਲਾਂ ਤੀਕ ਦਰਵੇਸ਼ਾਂ ਦੇ ਬੋਲ
ਸ਼ਹਿਨਸ਼ਾਹਾਂ ਦੇ ਸ਼ਿਲਾ ਲੇਖਾਂ ਤੋਂ ਮਿਟ ਜਾਂਦੇ ਨਿਸ਼ਾਨ