ਤੇਰੀ ਮਾਂ ਬੋਲੀ ਹੈ ਬੀਬਾ ਕੱਖਾਂ ਵਾਂਗ ਨਾ ਰੋਲ਼ ਪੰਜਾਬੀ

ਤੇਰੀ ਮਾਂ ਬੋਲੀ ਹੈ ਬੀਬਾ ਕੱਖਾਂ ਵਾਂਗ ਨਾ ਰੋਲ਼ ਪੰਜਾਬੀ
ਪੜ੍ਹ ਪੰਜਾਬੀ ਲੱਖ ਪੰਜਾਬੀ, ਗ਼ੈਰਤ ਮੰਦਾ ਬੋਲ ਪੰਜਾਬੀ

ਆਪਣੀ ਮਾਂ ਬੋਲੀ ਨੂੰ ਛੱਡਕੇ ਕਾਹਨੂੰ ਦਰ ਦਰ ਰਲਦੇ ਫਿਰੀਏ
ਸਾਡੀ ਜਿੰਦ ਤੇ ਜਾਣ ਪੰਜਾਬੀ ਸਾਡੇ ਦਲ ਦੇ ਕੋਲ਼ ਪੰਜਾਬੀ

ਚੜ੍ਹਦੇ ਤੋਂ ਲੈਂਦੇ ਤੀਕਰ 'ਤੇ ਪੂਰਬ ਤੋਂ ਪੱਛਮ ਤੀਕਰ,
ਗੋਲ ਏ ਸਾਰੀ ਦੁਨੀਆ ਇਸ ਵਿਚ ਲਾਵੇ ਚੱਕਰ ਗੋਲ ਪੰਜਾਬੀ

ਅਬਲਕੀਸ਼, ਖ਼ਯਾਮ ਤੇ ਹਾਫ਼ਿਜ਼, ਗ਼ਾਲਿਬ, ਮੇਰ, ਇਕਬਾਲ ਤੇ ਹਾਲ਼ੀ,
ਬੁਲ੍ਹਾ, ਵਾਰਿਸ, ਬਾਹੂ, ਜਮ ਕੇ ਖੋਲ੍ਹੇ ਸਭ ਦੇ ਪੋਲ ਪੰਜਾਬੀ

ਇਕੋ ਚਾਅ ਏ ਮਰਦੇ ਦਮ ਤੀਕਰ ਮੈਂ ਇਹਦੀ ਸੇਵਾ ਕਰਸਾਂ,
ਇਹ ਏ ਸੰਮੀ ਮੇਰੇ ਲਈਂ ਤੇ ਮੈਂ ਹਾਂ ਇਹਦਾ ਢੋਲ ਪੰਜਾਬੀ

ਆਪਣੀ ਆਪਣੀ ਬੋਲੀ ਦੇ ਵਿਚ ਸਾਰੀ ਦੁਨੀਆ ਪਈ ਕੁਰਲਾਵੇ,
ਜੋ ਕੁੱਝ ਮਰਜ਼ੀ ਬੋਲਣ ਸਾਰੇ ਸਭ ਤੋਂ ਭਾਰਾ ਬੋਲ ਪੰਜਾਬੀ

ਗ਼ੈਰਾਂ ਬੋਲੀਆਂ ਬੋਲਣ ਨਾਲ਼ ਜੁਨੈਦ ਅਕਰਮ ਜੋ ਗੁੰਝਲ ਪੇ ਗਏ,
ਬੋਲ ਕੇ ਆਪਣੀ ਮਾਂ ਦੀ ਬੋਲੀ ਦਿੱਤੇ ਸਾਰੇ ਖੋਲ੍ਹ ਪੰਜਾਬੀ