ਤੇਰੀ ਰਾਮ-ਕਹਾਣੀ ਦਾ ਏ ਇਕੋ ਹੱਲ

ਜੁਨੈਦ ਅਕਰਮ

ਤੇਰੀ ਰਾਮ-ਕਹਾਣੀ ਦਾ ਏ ਇਕੋ ਹੱਲ । ਖ਼ਬਰੇ ਤੇਰੇ ਦਿਲ ਵਿਚ ਲੋਹਾ ਜਾਏ ਮੇਰੀ ਗੱਲ । ਜਿਹੜੀ ਪੀਲੀ ਦੇ ਵਿਚ ਵਾਹੁੰਦਾ ਜਿਹੜਾ ਹੱਲ, ਉਹੋ ਈ ਮਾਲਿਕ ਉਹਦਾ ਉਹੋ ਖਾਵੇ ਫੁੱਲ । ਤਾਂ ਈ ਦੁਨੀਆ ਦੇ ਵਿਚ ਸਾਡਾ ਨਾਂ ਹੋਵੇਗਾ, ਮਿਹਨਤ ਨਾਲ਼ ਗੁਜ਼ਾਰਾਂਗੇ ਜਦ ਇਕ ਇਕ ਪੁਲ । ਜੰਨਤ ਦੋਜ਼ਖ਼ ਸਭ ਅਮਲਾਂ ਦਾ ਸਿੱਟਾ ਲੋਕੋ, ਅਮਲਾਂ ਨਾਲ਼ ਈ ਔਖੇ ਵੇਲੇ ਜਾਂਦੇ ਟਲ਼ । ਕਹਿੰਦੇ ਹਨ ਸਿਆਣੇ ਉਹ ਬਰਬਾਦ ਏ ਹੋਇਆ, ਜਿਸਦਾ ਅੱਜ ਤੋਂ ਚੰਗਾ ਨਹੀਂ ਆਉਣ ਆਲਾ ਕੱਲ੍ਹ । ਪਿੱਛੇ ਰਹਿ ਜਾਂਦੇ ਦਾ ਭੈੜਾ ਹਾਲ ਏ ਹੁੰਦਾ, ਭੱਜਦੀ ਜਾਂਦੀ ਦੁਨੀਆ ਦੇ ਨਾਲ਼ ਭੱਜ ਕੇ ਰਲ਼ । ਨਿਯਤ ਨੇਕ ਹੋਵੇ ਤੇ ਕਿਹੜਾ ਕੰਮ ਨਹੀਂ ਹੁੰਦਾ, ਕਰੀਏ 'ਤੇ ਹਰ ਕੰਮ ਦਾ ਆ ਜਾਂਦਾ ਏ ਬੱਲ । ਇਸ਼ਕ ਦਾ ਪੈਂਡਾ ਮੁਕਦਾ ਮੁਕਦਾ ਵੀ ਨਹੀਂ ਮੁਕਦਾ, ਟੁਰਦੇ ਜਾਈਏ ਭਾਵੇਂ ਪੈਰ ਹੋ ਜਾਵਣ ਸੱਲ । ਨਾਮ 'ਜੁਨੈਦ ਅਕਰਮ' ਦਿਆਂ ਮੌਲਾ ਇੱਜ਼ਤਾਂ ਰੱਖੀਂ, ਮੇਰਾ ਨਾਂ ਈ ਬਣ ਜਾਏ ਰੱਬਾ ਮੇਰੀ ਅੱਲ

Share on: Facebook or Twitter
Read this poem in: Roman or Shahmukhi

ਜੁਨੈਦ ਅਕਰਮ ਦੀ ਹੋਰ ਕਵਿਤਾ