ਮਾਂ ਉਹ ਗੁਲਸ਼ਨ

ਮਾਂ ਉਹ ਬੂਟਾ ਜਿਸਦਾ ਜੱਗ ਵਿਚ ਮਨਮੋਹਣਾ ਪਰਛਾਵਾਂ
ਮਾਂ ਹੈ ਵਿਚ ਮੈਦਾਨ ਹਸ਼ਰ ਦੇ ਹਰ ਇਕ ਦਾ ਸਰਨਾ ਨਵਾਂ

ਮਾਂ ਉਹ ਗੁਲਸ਼ਨ ਜਿਸ ਵਿਚ ਹਰ ਕੋਈ ਗੀਤ ਪਿਆਰ ਦੇ ਗਾਵੈ
ਮਾਂ ਉਹ ਤਕੜੀ ਜਿਸਦੇ ਜੋਖੀਆਂ ਫ਼ਰਕ ਜ਼ਰਾ ਨਾ ਆਵੇ

ਮਾਂ ਉਹ ਚਾਨਣ ਜਿਸਦੇ ਹੁੰਦੀਆਂ ਦੂਰ ਹਨੇਰੀਆਂ ਰਾਤਾਂ
ਮਾਂ ਦੀ ਲੋਰੀ ਵਰਗੀਆਂ ਨਾਹੀਂ ਜੱਗ ਦੇ ਵਿਚ ਸੌਗ਼ਾਤਾਂ

ਮਾਂ ਉਹ ਨੇਅਮਤ ਜਿਸਦੇ ਵਰਗੀ ਹੋਰ ਨਾ ਨੇਅਮਤ ਕਾਈ
ਮਾਂ ਦੇ ਦਿਲ ਵਿਚ ਪਲਦਾ ਨਾਹੀਂ ਕਦੇ ਵੀ ਸ਼ੌਕ ਜੁਦਾਈ

ਮਾਂ ਉਹ ਤੋਹਫ਼ਾ ਮਿਲ ਨੀਇਂ ਲੱਭਦਾ ਵਿਚ ਜ਼ਮੀਨ ਆਸਮਾਨਾਂ
ਮਾਂ ਦਾ ਜ਼ੇਵਰ ਗੱਲ ਵਿਚ ਸਿਜਦਾ ਕੱਲ੍ਹ ਹੈਵਾਨ ਇਨਸਾਨਾਂ

ਮਾਂ ਦੇ ਵਿਚ ਮਿਠਾਸ ਅਜ਼ਲ ਤੋਂ ਜਿਸ ਜਿਸ ਨੇ ਵੀ ਪਾਇਆ
ਮਾਂ ਦੇ ਏਸ ਮਿਠਾਸ ਅਜਿਹਾ ਮਜ਼ਾ ਕਿਤੋਂ ਨਾ ਆਇਆ

ਮਾਂ ਉਹ ਆਹਲਣਾ ਜਿਸ ਥੀਂ ਬਾਗ਼ਾਂ ਦੇ ਵਿਚ ਮੌਜ ਬਹਾਰਾਂ
ਮਾਂ ਦੀਆਂ ਬੁੱਕਲਾਂ ਵਰਗੀਆਂ ਜੱਗ ਵਿਚ ਕਿਧਰੇ ਨਾਹੀਂ ਠਾਹਰਾਂ

ਮਾਂ ਉਹ ਚੰਨ ਹੈ ਜਿਸਦੀ ਠੰਡਕ ਹਰ ਇਕ ਮਨ ਨੂੰ ਭਾਵੇ
ਮਾਂ ਉਹ ਤਾਰਾ ਭੋਲੀਆਂ ਤਾਈਂ ਮੰਜ਼ਿਲ ਵੱਲ ਲੈ ਜਾਵੇ

ਮਾਂ ਉਹ ਹਸਤੀ ਜਿਸਦੇ ਬਾਹਜੋਂ ਨਾ ਕੋਠੇ ਨਾ ਵਿਹੜੇ
ਨਾ ਤੋਂ ਨਾ ਮੈਂ ਨਾ ਕੋਈ ਹੁੰਦਾ ਨਾ ਜਿਹੜੇ ਨਾ ਕਿਹੜੇ

ਮਾਂ ਦੇ ਨਾਲ਼ ਹੈ ਜਗ ਵਿਚ ਰੌਣਕ ਹਰ ਪਾਸੇ ਹਰਿਆਲੀ
ਮਾਂ ਨੂੰ ਜ਼ਾਹਰ ਕਰਕੇ ਜ਼ਾਹਰ ਹੋ ਗਿਆ ਜੱਗ ਦਾ ਮਾਲੀ

ਰੱਬ ਰਾਖਾ ਮਾਂ ਪੁੱਤ ਨੂੰ ਆਖੇ ਜਦ ਉਹ ਬਾਹਰ ਜਾਵੇ
ਪੜ੍ਹ ਬਿਸਮ ਅੱਲ੍ਹਾ ਮੱਥਾ ਚੁੰਮੇ ਜਦ ਉਹ ਘਰ ਨੂੰ ਆਵੇ

ਮਾਂ ਮਰ ਜਾਂਦੀ ਤੇ ਮੁੱਕ ਜਾਂਦੇ ਰਹਿਮਤ ਦੇ ਪਰਛਾਵੇਂ
ਜਿਸਦੇ ਹੁੰਦੀਆਂ ਚੰਗੀਆਂ ਮੰਨਦਿਆਂ ਮੌਜਾਂ ਖ਼ੂਬ ਉਡਾਵੇਂ

ਮਾਂ ਮਰ ਜਾਂਦੀ ਨੈਣਾਂ ਵਿਚੋਂ ਵਗਦੇ ਨੀਰ ਹਮੇਸ਼ਾ
ਮਾਂ ਦੀ ਯਾਦਾਂ ਵਾਲੇ ਦਿਲ ਤੇ ਚਲਦੇ ਤੀਰ ਹਮੇਸ਼ਾ

ਮਾਂ ਮਰ ਜਾਂਦੀ ਧੀਆਂ ਲਈ ਵੀ ਦੂਰ ਹੋ ਜਾਂਦੇ ਮੀਕੇ
ਜਿਸਦੇ ਬਾਹਜੋਂ ਦੁੱਖ ਦਰਦਾਂ ਦੀਆਂ ਸੱਟਾਂ ਕੋਈ ਨਾ ਸਕੇ

ਮਾਂ ਮਰ ਜਾਵੇ ਰਹਿਮਤਾਂ ਘਰ ਚੋਂ ਜਾਂਦੀਆਂ ਮਾਰ ਉਡਾਰੀ
ਮਾਂ ਹਰ ਵੇਲੇ ਦੀਵੇ ਦੁਆਵਾਂ ਇਹੋ ਕਾਰਗੁਜ਼ਾਰੀ

ਮਾਂ ਹੇ ਖ਼ਾਸ ਬਹਿਸ਼ਤੀ ਜ਼ੇਵਰ, ਕੋਈ ਕੋਈ ਉਸ ਨੂੰ ਪਾਵੇ
ਨੂਰ ਅਹਿਮਦ ਸ਼ਾਹ ਖ਼ਿਦਮਤ ਕਰੇ ਜੋ ਉਹ ਮਖ਼ਦੂਮ ਸਦਾ ਵੇ