ਯਾਦਾਂ ਦਾ ਸਰਮਾਇਆ

ਮਾਏ ਨੀ ਤੈਂ ਨੂੰ ਕਿਹੜੇ ਵੇਲੇ ਮੌਤ ਨੇ ਆ ਹੱਥ ਪਾਇਆ
ਪੈਂਡਾ ਦੂਰ ਹਯਾਤੀ ਵਾਲਾ ਪਲ ਦੇ ਵਿਚ ਮੁਕਾਇਆ

ਪਲ ਵਿਚ ਲੈ ਗਿਆ ਖੋਹ ਕੇ ਸਾਥੋਂ ਇਜ਼ਰਾਈਲ ਫ਼ਰਿਸ਼ਤਾ
ਰੋਂਦੇ ਤੇ ਕੁਰਲਾਂਦੇ ਰਹਿ ਗਏ ਤਰਸ ਨਾ ਉਸਨੂੰ ਆਇਆ

ਤੇਰੇ ਬਾਹਜੋਂ ਮਾਏ ਸਾਡਾ ਉਜੜਿਆ ਪੁਜੜਿਆ ਵੇਹੜਾ
ਤੇਰੇ ਪਿੱਛੋਂ ਮਾਏ ਸਾਨੂੰ ਗ਼ਮਾਂ ਨੇ ਘੇਰਾ ਪਾਇਆ

ਤੇਰੇ ਬਾਹਜੋਂ ਮਾਏ ਸਾਨੂੰ ਦਊਗਾ ਕੌਣ ਦੁਆਵਾਂ
ਔਖੇ ਵੇਲੇ ਮਾਂਵਾਂ ਬਾਹਜੋਂ ਕਿਸੇ ਨਹੀਂ ਪਰਚਾਇਆ

ਵੱਸ ਭਰਜਾਈਆਂ ਦੇ ਤੂੰ ਪਾ ਕੇ ਧੀਆਂ ਨੂੰ ਛੋੜ ਸਧਾਈ
ਤੇਰੇ ਬਾਹਜੋਂ ਮੈਕਿਆਂ ਵਾਲਾ ਹੋ ਗਿਆ ਦੇਸ ਪਰਾਇਆ

ਤੇਰੇ ਬਾਹਜੋਂ ਅਮਬੜੀਏ ਸਾਨੂੰ ਬਹਿ ਕੇ ਕੌਣ ਉਡੀਕੂ
ਮਾਂਵਾਂ ਬਾਹਜੋਂ ਹੋਰ ਕਿਸੇ ਨਾ ਦੁੱਖ ਤੇ ਦਰਦ ਵੰਡਾਇਆ

ਪਿਆਰ ਤੇਰੇ ਦੀਆਂ ਪੀਂਘਾਂ ਮਾਏ ਸਾਡੇ ਲਈ ਟੁੱਟ ਗਈਆਂ
ਸਮੇ ਬਹਾਰਾਂ ਦੇ ਮੁੱਕ ਗਏ ਤੇ ਖ਼ਿਜ਼ਾਂ ਨੇ ਡੇਰਾ ਲਾਇਆ

ਸੋਚਾਂ ਦੇ ਦਰਿਆ ਵਿਚ ਡੁੱਬ ਗਏ ਸਾਡੇ ਲੇਖ ਨਿਮਾਣੇ
ਆਸ ਉਮੀਦਾਂ ਵਾਲਾ ਬੂਟਾ ਦਿਸਦਾ ਏ ਮੁਰਝਾਇਆ

ਵੀਰ ਕੀ ਜਾਨਣ ਦੁੱਖ ਭੈਣਾਂ ਦੇ ਕੀ ਜਾਨਣ ਭਰਜਾਈਆਂ
ਮਾਂ ਮਰਗਈ ਤੇ ਭਾਬੀਆਂ ਨੇ ਵੀ ਅਸਲੀ ਰੂਪ ਵਖਾਇਆ

ਤੇਰੇ ਬਾਹਜੋਂ ਅਮਬੜੀਏ ਕੀਤਾ ਦੁੱਖਾਂ ਨੇ ਪਰਛਾਵਾਂ
ਤੇਰੀਆਂ ਮੱਠੀਆਂ ਮੱਠੀਆਂ ਲੋਰੀਆਂ ਯਾਦਾਂ ਦਾ ਸਰਮਾਇਆ

ਮਾਂਵਾਂ ਬਾਹਜੋਂ ਕੌਣ ਧੀਆਂ ਦੇ ਤੇਲ ਸਿਰਾਂ ਨੂੰ ਲਾਊ
ਮਾਂਵਾਂ ਬਾਹਜੋਂ ਨਜ਼ਰ ਬਦ ਦਾ ਕਿਸ ਨੇ ਤਿਲਕ ਲਗਾਇਆ

ਰੋਂਦੀਆਂ ਤਾਈਂ ਚੁੱਪ ਕਰਵਾਏ ਮਿਰਚਾਂ ਵਾੜ ਕੇ ਸਾੜੇ
ਮਾਂਵਾਂ ਬਾਹਜੋਂ ਕਦੋਂ ਕਿਸੇ ਨੇ ਧੀਆਂ ਨੂੰ ਲਾਡ ਲਡਾਇਆ

ਨੂਰ ਅਹਿਮਦ ਸ਼ਾਹ ਮਾਂ ਉਸ ਦੇਸ ਦੀ ਹੋ ਗਈ ਜਾ ਕੇ ਬਾਸੀ
ਜਿਹੜੇ ਦੇਸ ਵਿਚੋਂ ਅੱਜ ਤਾਈਂ ਮੁੜ ਕੇ ਨਈਂ ਕੋਈ ਆਇਆ