ਇੰਜ ਹੀ ਸਹੀ

ਅਸੀਂ ਬੱਕਰੇ ਬਿੱਲਾਉਂਦੇ ਉਨ੍ਹਾਂ ਨੂੰ ਚੰਗੇ ਨਹੀਂ ਲਗਦੇ
ਚਲੋ ਇੰਜ ਹੀ ਸਹੀ
ਉਹ ਤਾਂ ਬੱਸ ਸ਼ੁਗ਼ਲ ਫ਼ਰਮਾਉਂਦੇ ਰਹੇ
ਵੈਣ ਸੁਣਦੇ ਆਏ
ਦਾਦ ਦਿੰਦੇ ਰਹੇ

ਜ਼ਿੰਦਗੀ ਜੇ ਕਵਿਤਾ ਜਿਹੀ ਹੁੰਦੀ
ਅਸੀਂ ਖ਼ਾਮੋਸ਼ ਹੀ ਰਹਿੰਦੇ
ਸੁਫ਼ਨੇ ਜੇ ਪੱਥਰ ਦੇ ਹੁੰਦੇ
ਗੀਟੀਆਂ ਸੰਗ ਹੀ ਪਰਚ ਛੱਡ ਦੇ
ਪਾਣੀ ਨਾਲ਼ ਜੇ ਢਿੱਡ ਭਰ ਸਕਦਾ
ਤਾਂ ਪੀ ਕੇ ਸੌਂ ਰਹਿੰਦੇ
ਚਾਂਦਨੀ ਜੇ ਓੜ੍ਹੀ ਜਾ ਸਕਦੀ
ਸਿਊਂ ਕੇ ਪਾ ਲੈਂਦੇ

ਇਥੇ ਪਰ ਕੁੱਝ ਨਹੀਂ ਦਿਸਦਾ
ਅਮਨ ਦੀਆਂ ਘੁੱਗੀਆਂ ਵਰਗਾ
ਗੀਤਾਂ ਦੇ ਦਰਖ਼ਤ ਨਹੀਂ ਲੱਭਦੇ
ਜਿਹਨਾਂ ਸੰਗ ਪੀਂਘ ਪਾ ਲਈਏ

ਅਸੀਂ ਤਾਂ ਖੋਹਣੀ ਹੈ
ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ
ਅਸੀਂ ਟੋਹਣਾ ਹੈ ਜ਼ੋਰ
ਖ਼ੂਨ ਲਿੱਬੜੇ ਹੱਥਾਂ ਦਾ
ਉਨ੍ਹਾਂ ਨੂੰ ਭਲੇ ਲੱਗਣ ਲਈ
ਅਸੀਂ ਹੁਣ ਵੈਣ ਨਹੀਂ ਪਾਉਂਣੇ

ਹਵਾਲਾ: ਉੱਡ ਦੇ ਬਾਜ਼ਾਂ ਮਗਰ