ਰਾਤ ਨੂੰ

ਉਦਾਸ ਬਾਜਰਾ ਸਿਰ ਸੁੱਟੀ ਖੜਾ ਹੈ
ਤਾਰੇ ਵੀ ਗੱਲ ਨਹੀਂ ਕਰਦੇ
ਰਾਤ ਨੂੰ ਕੀ ਹੋਇਆ ਹੈ...
ਐ ਰਾਤ ਤੂੰ ਮੇਰੇ ਲਈ ਉਦਾਸ ਨਾ ਹੋ
ਤੂੰ ਮੇਰੀ ਦੇਣਦਾਰ ਨਹੀਂ
ਰਹਿਣ ਦੇ ਇੰਝ ਨਾ ਸੋਚ
ਉਗਾਲੀ ਕਰਦੇ ਪਸ਼ੂ ਕਿਨ੍ਹੇ ਚੁੱਪ ਹਨ
ਤੇ, ਪਿੰਡੇ ਦੀ ਨਿੱਘੀ ਫ਼ਿਜ਼ਾ ਕਿੰਨੀ ਸ਼ਾਂਤ ਹੈ
ਰਹਿਣ ਦੇ ਤੂੰ ਇੰਝ ਨਾ ਸੋਚ, ਰਾਤ ਤੂੰ ਮੇਰੀਆਂ ਅੱਖਾਂ 'ਚ ਤੱਕ
ਇਹਨਾਂ ਉਸ ਬਾਂਕੇ ਯਾਰ ਨੂੰ ਹੁਣ ਕਦੀ ਨਹੀਂ ਤੱਕਣਾ
ਜਿਦੀ ਅੱਜ ਅਖਬਾਰਾਂ ਨੇ ਗੱਲ ਕੀਤੀ ਹੈ
ਰਾਤ ! ਤੇਰਾ ਓਦਣ ਦਾ ਉਹ, ਰੌਂਅ ਕਿੱਥੇ ਹੈ ?
ਜਦ ਉਹ ਪਹਾੜੀ ਚੋਅ ਦੇ ਪਾਣੀ ਵਾਂਗ
ਕਾਹਲਾ ਕਾਹਲਾ ਆਇਆ ਸੀ
ਚੰਨ ਦੇ ਲੋਏ ਪਹਿਲਾਂ ਅਸੀਂ ਪੜ੍ਹੇ
ਫਿਰ ਚੋਰਾਂ ਵਾਂਗ ਬਹਿਸ ਕੀਤੀ
ਤੇ ਫਿਰ ਝਗੜ ਪਏ ਸਾਂ,
ਰਾਤ ਤੂੰ ਉਦੋਂ ਤਾਂ ਖੁਸ਼ ਸੈਂ,
ਜਦ ਅਸੀਂ ਵਿਛੱੜ ਗਏ ਸਾਂ...
ਰਾਤ ਤੈਨੂੰ ਤੁਰ ਗਏ ਦੀ ਸੌਂਹ
ਤੇਰਾ ਇਹ ਬਣਦਾ ਨਹੀਂ
ਮੈਂ ਤੇਰਾ ਦੇਣਦਾਰ ਹਾਂ
ਤੂੰ ਮੇਰੀ ਦੇਣਦਾਰ ਨਹੀਂ
ਰਾਤ, ਤੂੰ ਮੈਨੂੰ ਵਧਾਈ ਦੇ
ਮੈਂ ਇਨ੍ਹਾਂ ਖੇਤਾਂ ਨੂੰ ਵਧਾਈ ਦੇਂਦਾ ਹਾਂ
ਖੇਤਾਂ ਨੂੰ ਸਭ ਪਤਾ ਹੈ
ਮਨੁੱਖ ਦਾ ਲਹੂ ਕਿੱਥੇ ਡੁੱਲ੍ਹਦਾ ਹੈ
ਤੇ ਲਹੂ ਦਾ ਮੁੱਲ ਕੀ ਹੁੰਦਾ ਹੈ
ਇਹ ਖੇਤ ਸਭ ਜਾਣਦੇ ਹਨ
ਇਸ ਲਈ ਐ ਰਾਤ
ਤੂੰ ਮੇਰੀਆਂ ਅੱਖਾਂ 'ਚ ਤੱਕ
ਮੈਂ ਭਵਿੱਖ ਦੀਆਂ ਅੱਖਾਂ 'ਚ ਤੱਕਦਾ ਹਾਂ