ਹੈ ਤਾਂ ਬੜਾ ਅਜੀਬ

ਜੇ ਤੂੰ ਨਾ ਮੁਕਲਾਵੇ ਜਾਂਦੀ, ਤੈਨੂੰ ਭਰਮ ਰਹਿਣਾ ਸੀ
ਕਿ ਰੰਗਾਂ ਦਾ ਮਤਲਬ ਫੁੱਲ ਹੀ ਹੁੰਦਾ ਏ
ਬੁਝੀ ਹੋਈ ਸੁਵਾਹ ਦੀ ਹਮਕ ਨਹੀਂ ਹੁੰਦੀ
ਤੂੰ ਮੁਹੱਬਤ ਨੂੰ ਕਿਸੇ ਮਾਸੂਮ ਦਾ ਨਾਂ ਹੀ ਸਮਝਦੀ ਰਹਿਣਾ ਸੀ

ਤੂੰ ਸੋਚਿਆ ਸ਼ਾਇਦ
ਤੇਰੇ ਕਰੋਸ਼ੀਏ ਨਾਲ਼ ਕੱਢੇ ਹੋਏ ਅੱਖਰ, ਕਿਸੇ ਦਿਨ ਬੋਲ ਉੱਠਣਗੇ
ਜਾਂ ਗੰਧਲੇ ਪਾਣੀਆਂ ਵਿਚ ਭਿੱਜ ਨਾ ਸਕਣਗੇ
ਬਟਨ ਜੋੜ ਜੋੜ ਉਨੀ ਹੋਈ ਬੱਤਖ਼ ਦੇ ਪਰ
ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਮੁਕਲਾਵਾ
ਦਾਜ ਦੇ ਭਾਂਡਿਆਂ ਦੀ ਛਣਕ ਵਿਚ
ਝਾਂਜਰ ਦੀ ਚੁੱਪ ਦਾ ਬੇ ਕਫ਼ਨ ਸੜਨਾ ਹੈ
ਜਾਂ ਰਿਸ਼ਤਿਆਂ ਦੇ ਸੇਕ ਵਿਚ, ਰੰਗਾਂ ਦਾ ਤਿੜਕ ਜਾਣਾ ਹੈ
ਸੁਰੇਂਦਰ ਕੌਰ ਨੂੰ ਮੁੜ ਕਦੇ ਨਈਂ ਦਿਸਦੀ
ਹਾਦਸਿਆਂ ਦੀ ਉਡੀਕ ਵਿਚ ਬੈਠੀ ਛਿੰਦੋ
ਏਸ ਕਦਰ ਉਸਰ ਜਾਂਦੀ ਹੈ, ਮਹਿਜ਼ ਘਟਨਾਵਾਂ ਦੀ ਦੀਵਾਰ
ਅਸਲ ਵਿਚ ਮੁਕਲਾਵਾ ਕਦੇ ਨਾ ਆਉਣ ਵਾਲੀ ਸਮਝ ਹੈ
ਕਿ ਕਿਸ ਤਰ੍ਹਾਂ ਕੋਈ ਵੀ ਪਿੰਡ
ਹੌਲੀ ਹੌਲੀ ਬਦਲ ਜਾਂਦਾ ਹੈ 'ਦਾਨਾਬਾਦ' ਵਿਚ
ਮੁਕਲਾਵਾ ਅਸਲ ਵਿਚ ਰੀਝਾਂ ਦਾ ਪਿਘਲ ਕੇ
ਮੰਜੀਆਂ, ਪੀੜ੍ਹੀਆਂ ਬੁਹਾਰੀਆਂ ਵਿਚ ਵਟਣਾ ਹੈ

ਹੈ ਤਾਂ ਬੜਾ ਅਜੀਬ ਕਿ ਤਲੀਆਂ ਤੇ ਪਾਲੇ ਸੱਚ ਨੂੰ
ਐਂਵੇਂ ਕੱਚੀ ਜਿਹੀ ਮਹਿੰਦੀ ਨਾਲ਼ ਝਿੜਕ ਦੇਣਾ
ਜਾਂ ਛਿੜ ਗਏ ਮੇਲੇ ਦੇ ਵੀਰਾਨ ਪਿੜ ਦੀ
ਭਾਂ ਭਾਂ ਨੂੰ ਸਾਹਾਂ ਚ ਪਰੋ ਲੈਣਾ
ਜਾਂ ਵਾਹੇ ਹੋਏ ਖੇਤਾਂ ਚ ਦਫ਼ਨ
ਹਜ਼ਾਰਾਂ ਵਾਰ ਮਿੱਧੀਆਂ ਪਗਡੰਡੀਆਂ ਨੂੰ ਯਾਦ ਕਰਨਾ
ਹੁਣ ਜਦੋਂ ਕਿ ਕੰਢੇ ਤੇ ਹੀ ਡੁੱਬ ਗਈ ਹੈ ਬਟਨਾਂ ਵਾਲੀ ਬੱਤਖ਼
ਅਜੇ ਵੀ ਹਾਦਸਿਆਂ ਦੀ ਝਾਕ ਵਿਚ ਬੈਠੀ ਛਿੰਦੋ
ਮਹਿਜ਼ ਘਟਨਾਵਾਂ ਦੀ ਦੀਵਾਰ ਦੇ ਓਸ ਪਾਰ
ਜੋ ਕਦੀ ਕਿਸੇ ਤੋਂ ਟੱਪ ਨਹੀਂ ਹੋਈ
ਹੈ ਤਾਂ ਬੜਾ ਅਜੀਬ ਕਿ ਮੈਂ ਜੋ ਕੁਝ ਨਹੀਂ ਲਗਦਾ ਤੇਰਾ
ਦੀਵਾਰ ਦੇ ਏਧਰ ਵੀ ਤੇ ਉਧਰ ਵੀ, ਮਰੀਆਂ ਹੋਈਆਂ
ਤੇ ਮਰਨ ਜਾ ਰਹੀਆਂ ਬੱਤਖ਼ਾਂ ਨੂੰ ਚੁੱਕੀ ਫਿਰਦਾ ਹਾਂ

ਹਵਾਲਾ: ਇਨਕਾਰ ( ਹਵਾਲਾ ਵੇਖੋ )