ਕਿਸੇ ਵੀ ਨਾ ਦੱਸਿਆ

ਚੰਨ ਕੋਲੋਂ ਪੁੱਛਿਆ

ਚਕੋਰ ਕੋਲੋਂ ਪੁੱਛਿਆ

ਕਈ ਵਾਰੀ ਜਾਗਦੇ

ਲਹੌਰ਌ ਕੋਲੋਂ ਪੁੱਛਿਆ

ਤਾਰਿਆਂ ਤੋਂ ਪੁੱਛਿਆ

ਸਾਰੀਆਂ ਤੋਂ ਪੁੱਛਿਆ

ਕਈ ਵਾਰੀ ਗ਼ਮਾਂ ਦਿਆਂ

ਮਾਰੀਆਂ ਤੋਂ ਪੁੱਛਿਆ

ਰਾਵੀ ਕੋਲੋਂ ਪੁੱਛਿਆ

ਝਨਾਂ ਕੋਲੋਂ ਪੁੱਛਿਆ

ਕਈ ਵਾਰੀ ਟਾਲ੍ਹੀਆਂ ਦੀ

ਛਾਂ ਕੋਲੋਂ ਪੁੱਛਿਆ

ਗੋਟੇ ਕੋਲੋਂ ਪੁੱਛਿਆ

ਕਨਾਰੀ ਕੋਲੋਂ ਪੁੱਛਿਆ

ਕਈ ਵਾਰੀ ਕਜਲੇ ਦੀ

ਧਾਰੀ ਕੋਲੋਂ ਪੁੱਛਿਆ

ਵੰਗਾਂ ਕੋਲੋਂ ਪੁੱਛਿਆ

ਮਲੰਗਾਂ ਕੋਲੋਂ ਪੁੱਛਿਆ

ਕਈ ਵਾਰੀ ਫੁੱਲਾਂ ਦਿਆਂ

ਰੰਗਾਂ ਕੋਲੋਂ ਪੁੱਛਿਆ

ਸ਼ਾਹ ਕੋਲੋਂ ਪੁੱਛਿਆ

ਰਿਆਜ਼ ਕੋਲੋਂ ਪੁੱਛਿਆ

ਕਈ ਵਾਰੀ ਦਿਲ ਦੀ

ਬਯਾਜ਼ ਕੋਲੋਂ ਪੁੱਛਿਆ

ਸਾਈਂ ਕੋਲੋਂ ਪੁੱਛਿਆ

ਅਸੀਰ ਕੋਲੋਂ ਪੁੱਛਿਆ

ਕਈ ਵਾਰੀ ਅਰਸ਼ਦ

ਮੇਰ ਕੋਲੋਂ ਪੁੱਛਿਆ

ਦਿਨਾਂ ਕੋਲੋਂ ਪੁੱਛਿਆ

ਰੀਣ ਕੋਲੋਂ ਪੁੱਛਿਆ

ਕਈ ਵਾਰੀ ਮਾਧੋ ਤੇ

ਹੁਸੈਨ ਕੋਲੋਂ ਪੁੱਛਿਆ

ਵਾਸ਼ਨਾ ਤੋਂ ਪੁੱਛਿਆ

ਲਿਖਾਰੀ ਕੋਲੋਂ ਪੁੱਛਿਆ

ਕਈ ਵਾਰੀ ਸ਼ਿਅਰਾਂ ਦੇ

ਲਲਾਰੀ ਕੋਲੋਂ ਪੁੱਛਿਆ

ਖਾਰਵੀ ਤੋਂ ਪੁੱਛਿਆ

ਨਬੀਲ ਕੋਲੋਂ ਪੁੱਛਿਆ

ਕਈ ਵਾਰੀ ਬੁਲ੍ਹੇ ਤੇ

ਖ਼ਲੀਲ ਕੋਲੋਂ ਪੁੱਛਿਆ

ਹਰ ਪਾਸੇ ਡੂੰਘੇ ਜਿਹੇ

ਹਨੇਰੀਆਂ ਦਾ ਨਾਂ ਸੀ

ਲਹੂ ਲਹੂ ਧੁੱਪ ਸੀ ਤੇ

ਲੀਰ ਲੀਰ ਛਾਂ ਸੀ

ਪੁੱਛਦੀ ਨੂੰ ਵੇਖ ਕੇ ਤੇ

ਜੱਗ ਸਾਰਾ ਹੱਸਿਆ

ਪਤਾ ਚੰਨ ਮਾਹੀ ਦਾ ਤੇ

ਕਿਸੇ ਵੀ ਨਾ ਦੱਸਿਆ