ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਨਹਾਈ ਏ

ਕਬਰਸਤਾਨਾਂ ਵਿਚ ਹੰਗਾਮਾ ਸ਼ਹਿਰਾਂ ਵਿਚ ਤਨਹਾਈ ਏ
ਅੱਜ ਦੇ ਬੰਦੇ ਨੂੰ ਖ਼ੁਦਗ਼ਰਜ਼ੀ ਕਿਹੜੀ ਥਾਂ ਲੈ ਆਈ ਏ

ਤਾਰਿਆਂ ਦੀ ਰੱਤ ਵਿਚ ਨੁਹਾਕੇ ਚਿੰਨ ਵੀ ਪੀਲ਼ਾ ਲਗਦਾ ਏ,
ਸੂਰਜ ਚੜ੍ਹਿਆ ਤੇ ਉਹਦੀ ਵੀ ਡੱਬ-ਖਿੜ ਬ ਰੁਸ਼ਨਾਈ ਏ

ਸੱਚ ਦਾ ਦੀਵਾ ਬਾਲ ਕੇ ਫਿਰਿਆਂ ਰਾਤ-ਰਾਤ ਆਵਾਰਾ ਮੈਂ,
ਲੋਅ ਲੱਗੀ ਤੇ ਸ਼ਹਿਰ ਦੇ ਲੋਕੀਂ ਲੱਗੇ ਕਹਿਣ ਸ਼ੁਦਾਈ ਏ

ਮੇਰੇ ਘਰ ਵਿਚ ਦਰਦ ਪ੍ਰਾਹੁਣੇ, ਖੁੱਲ੍ਹੇ ਬੂਹੇ ਆਉਂਦੇ ਨੇ,
ਇਹ ਕੋਈ ਬਹੁਤਾ ਈ ਸੱਜਣ ਲੱਗੇ, ਜਿਸ ਕੁੰਡੀ ਖੜਕਾਈ ਏ

ਸੰਗ ਦਿਲਾਂ ਦੀ ਇਸ ਦੁਨੀਆਂ 'ਚੋਂ, ਨਸਕੇ ਕਿਧਰ ਜਾਵੇਂਗਾ,
ਕਾਬੇ ਤੇ ਬੁੱਤਖਾਨੇ ਵਿਚ ਵੀ ਪੱਥਰਾਂ ਕੋਲ਼ ਖ਼ੁਦਾਈ ਏ

ਅਸਾਂ ਪੰਜਾਬੀ ਖ਼ਾਤਿਰ ਮੁਸਤਕਬਿਲ ਵੀ ਦਾਅ ਤੇ ਲਾਇਆ ਏ,
ਦੂਜਿਆਂ ਵਾਂਗੂੰ ਫ਼ਨ ਦੀ ਹੱਟੀ ਅਸਾਂ ਨਾ ਮੂਲ ਸਜਾਈ ਏ