ਢੈ ਜਾਂਦੇ ਨੇ ਆਸਾਂ ਵਾਲੇ ਜਿਹੜੇ ਮਹਿਲ ਅਸਾਰਾਂ ਮੈਂ

ਢੈ ਜਾਂਦੇ ਨੇ ਆਸਾਂ ਵਾਲੇ ਜਿਹੜੇ ਮਹਿਲ ਅਸਾਰਾਂ ਮੈਂ
ਇਕ ਵਾਰੀ ਉਹ ਮਿਲ ਜਾਵੇ ਤੇ ਦਿਲ ਦਾ ਭਾਰ ਉਤਾਰਾਂ ਮੈਂ

ਅੱਖੀਆਂ ਵਿਚੋਂ ਸਾਵਣ ਵਸੇ ਦਲ ਦੇ ਢੀਂਦੇ ਢਾਰੇ ਤੇ
ਆਸਾਂ ਵਾਲਿਆਂ ਥੰਮੀਆਂ ਦੇ ਕੇ ਉਹੋ ਫੇਰ ਖਿਲਾਰਾਂ ਮੈਂ

ਅੰਦਰੋ ਅੰਦਰੀ ਖਾਂਦਾ ਜਾਵੇ ਮੈਨੂੰ ਦਰਦ ਹਯਾਤੀ ਦਾ
ਦਿਨ ਲੰਘ ਜਾਂਦਾ ਯਾਦ ਉਹਦੀ ਵਿਚ ਕੀਕਣ ਰਾਤ ਗੁਜ਼ਾਰਾਂ ਮੈਂ

ਚੁੱਪ ਚੁਪੀਤੇ ਪੀੜਾਂ ਸਈਆਂ ਹੋ ਕੇ ਹਾਵਾਂ ਦਿਲ ਵਿਚ ਰਹੀਆਂ
ਮੁੱਕਦੀ ਨਹੀਂ ਇਹ ਤਾਂਘ ਦਿਲੇ ਦੀ ਕੰਧੀਂ ਟੱਕਰਾਂ ਮਾਰਾਂ ਮੈਂ

ਮਾਨ ਜਿਨ੍ਹਾਂ ਤੇ ਕੀਤਾ ਸੀ ਮੈਂ ਦੇਖ ਲਿਆ ਏ ਉਨ੍ਹਾਂ ਨੂੰ
ਇਹ ਦੁਨੀਆਂ ਇਕ ਗੰਦਲਾ ਪਾਣੀ ਕਿਵੇਂ ਸਦਫ਼ ਨਿਤਾਰਾਂ ਮੈਂ