ਗੂੰਗਾ ਏ ਪਿਆਰ ਮੇਰਾ
ਮੂੰਹੋਂ ਨ ਬੋਲ ਸਕਦਾ
ਮਿਤਰਾਂ ਦੇ ਕੋਲ ਵੀ ਨਾ
ਦਿਲ ਨੂੰ ਮੈਂ ਫੋਲ ਸਕਦਾ।
ਅਗ ਅਪਣੇ ਆਪ ਲਾਕੇ
ਰਖਦਾਂ ਦਬਾ ਦਬਾ ਕੇ
ਬੁੱਲ੍ਹਾਂ ਤੇ ਮੁਹਰ ਚੁਪ ਦੀ
ਜੋ ਮੈਂ ਨ ਖੋਲ ਸਕਦਾ।
ਹੰਝਵਾਂ ਦੀ ਇਹ ਰਵਾਨੀ
ਉਸਦੀ ਸਮਝ ਨਿਸ਼ਾਨੀ
ਝੋਲੀ ਚ ਲੈ ਰਿਹਾ ਹਾਂ
ਭੋਇੰ ਨ ਰੋਲ ਸਕਦਾ।
ਇਹ ਗ਼ਮ ਤੇ ਇਹ ਜਵਾਨੀ
ਸਭ ਉਸਦੀ ਮਿਹਰਬਾਨੀ
ਵਸਦੀ ਜੋ ਫੁਰਨਿਆਂ ਵਿਚ
ਫਿਰ ਵੀ ਨਾ ਟੋਲ ਸਕਦਾ।ہ