ਜਦੋਂ ਮੈਂ ਗੀਤ ਲਿਖਦਾ ਹਾਂ

ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ
ਜੋ ਸੁੱਤੀਆਂ ਥੱਕ ਕੇ ਰੀਝਾਂ
ਉਨ੍ਹਾਂ ਨੂੰ ਫਿਰ ਜਗਾ ਲੈਂਦਾਂ

ਮਿਰੀ ਸਾਥਣ, ਮਿਰੀ ਹਾਨਣ
ਜਦੋਂ ਡੋਲੇ 'ਚ ਆਈ ਸੀ
ਸੀ ਬਾਹੀਂ ਛਣਕਦਾ ਚੂੜਾ
ਹੱਥੀਂ ਮਹਿੰਦੀ ਲਗਾਈ ਸੀ
ਮੈਂ ਓਸੇ ਯਾਦ ਦਾ ਪੱਲਾ ਉਠਾ
ਇਕ ਝਾਤ ਪਾ ਲੈਂਦਾਂ
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ

ਮੈਂ ਚੰਦ ਚੰਦਾਂ 'ਚ ਘਿਰਿਆ ਵੇਖਿਆ ਸੀ
ਫਿਰ ਭੁਲਾਇਆ ਨਹੀਂ
ਲੰਘਾਈਆਂ ਸੈਂਕੜੇ ਪੁੰਨਿਆਂ
ਨਜ਼ਰ ਵਿਚ ਇਕ ਟਿਕਾਇਆ ਨਹੀਂ
ਜਦੋਂ ਚਾਹਵਾਂ ਮੈਂ
ਚੇਤਾ ਲੌਂਗ ਦਾ ਕਰ
ਦਿਨ ਚੜ੍ਹਾ ਲੈਂਦਾਂ
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ

ਉਹੋ ਗਾਨੇ ਦੀ ਛੁਹ ਪਹਿਲੀ
ਅਤੇ ਦੀਦਾਰ ਉਹ ਪਹਿਲਾ
ਪੁਰਾਣਾ ਹੋਣ ਨਹੀਂ ਦਿੱਤਾ
ਮੈਂ ਸੱਜਰਾ ਪਿਆਰ ਉਹ ਪਹਿਲਾ
ਮੈਂ ਉਸ ਸ਼ਰਮਾ ਰਹੀ 'ਹਾਂ ਜੀ' ਨੂੰ
ਸ਼ਬਦਾਂ ਵਿਚ ਵਟਾ ਲੈਂਦਾਂ ।
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ

ਕਿਤੋਂ ਚਾਂਦੀ ਦੇ ਬੋਰਾਂ ਦਾ
ਜਾਂ ਮਿੱਠਾ ਸਾਜ਼ ਸੁਣਦਾ ਹਾਂ
ਮੈਂ ਪਹਿਲੀ ਧੜਕਦੇ ਦਿਲ ਦੀ
ਉਹੀ ਆਵਾਜ਼ ਸੁਣਦਾ ਹਾਂ
ਸੁਣੇ ਜੋ ਫਰਕਦੇ ਬੁੱਲ੍ਹੋਂ
ਉਹੋ ਟੱਪੇ ਦੁਰ੍ਹਾ ਲੈਂਦਾਂ
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ

ਪਛੜਦੀ ਉਮਰ ਹੈ ਜਿਉਂ ਜਿਉਂ
ਤਰੱਕੀ ਹੈ ਖ਼ਿਆਲਾਂ ਦੀ
ਭੁਲੇਖਾ ਖਾਣ ਪਏ ਮਿੱਤਰ
ਸਫ਼ੈਦੀ ਵੇਖ ਵਾਲਾਂ ਦੀ
ਮੈਂ ਸ਼ਾਇਰ ਹਾਂ
ਤੇ ਚਾਹਵਾਂ ਜੇਹੋ ਜਹੀ
ਦੁਨੀਆਂ ਬਣਾਂ ਲੈਂਦਾਂ
ਜਦੋਂ ਮੈਂ ਗੀਤ ਲਿਖਦਾ ਹਾਂ
ਜਵਾਨੀ ਨੂੰ ਬੁਲਾ ਲੈਂਦਾਂ