ਇਸ ਬੋੜ੍ਹ ਤੇ ਪੀਨਘੀ ਏ ਪੀਂਘ ਫ਼ਿਕਰਾਂ

ਇਸ ਬੋੜ੍ਹ ਤੇ ਪੀਨਘੀ ਏ ਪੀਂਘ ਫ਼ਿਕਰਾਂ, ਜਿਹਦੇ ਥੱਲਿਓਂ ਬੁੱਧ ਨੂੰ ਗਿਆਨ ਲੱਭਾ
ਸਣੇ ਹੱਥਾਂ ਦੇ ਅਸੀਂ ਖ਼ੁਦਾ ਡਿੱਠਾ, ਉਹਨੂੰ ਰੱਬ ਤੇ ਨਹੀਂ ਈਮਾਨ ਲੱਭਾ

ਜਿਨ੍ਹੇ ਆਨ ਖੜਕਾਇਆ ਸੀ ਆਨ ਬੂਹਾ, ਜਾਂਦਾ ਗਲੀ ਚੋਂ ਨਹੀਂ ਮਹਿਮਾਨ ਲੱਭਾ
ਕਿਹੜੇ ਪੈਰਾਂ ਦੇ ਨਾਲ਼ ਉਹ ਗਿਆ ਟੁਰ ਕੇ, ਨਹੀਂ ਉਸਦਾ ਖੁਰਾ ਨਿਸ਼ਾਨ ਲੱਭਾ

ਇੱਕ ਮਿੱਟੀ ਦੇ ਬਾਵੇ ਤੇ ਪਾ ਚੁੰਨੀ ਸਾਨੂੰ ਯਾਰ ਦੇ ਹੋਣ ਦਾ ਮਾਣ ਲੱਭਾ
ਕੀਤਾ ਗ਼ੌਰ ਨਹੀਂ ਅਸਲ ਤੇ ਨਕਲ ਵੱਲੇ, ਸਾਨੂੰ ਐਵੇਂ ਤੇ ਨਹੀਂ ਇਰਫ਼ਾਨ ਲੱਭਾ

ਟੱਪ ਆਏ ਮੈਖ਼ਾਨੇ ਦੀ ਕੰਧ ਢਾਹ ਕੇ, ਹੋਰ ਰਾਹ ਨਹੀਂ ਕੋਈ ਆਸਾਨ ਲੱਭਾ
ਜਿਹਨੂੰ ਵਿਚ ਲਕੀਰਾਂ ਦੇ ਕੈਦ ਜਾਤਾ, ਉਹ ਪਾਰ ਸਰਹੱਦ ਤੋਂ ਆਨ ਲੱਭਾ

ਹਰ ਗਲੀ ਚ ਹਰ ਬਾਜ਼ਾਰ ਅੰਦਰ ਹਰ ਬੰਦਾ ਏ ਬੜਾ ਹੈਰਾਨ ਲੱਭਾ
ਭਾਣਾ ਵਰਤ ਗਿਆ ਖ਼ੋਰੇ ਕੀ ਯਾ ਮੂਲਾ! ਨਹੀਂ ਹੱਸਦਾ ਕਿਤੇ ਇਨਸਾਨ ਲੱਭਾ

ਵਿੱਸਰ ਗਈਆਂ ਪੁਰਾਣੀਆਂ ਸਭ ਕਦਰਾਂ ਨਵਾਂ ਨਵਾਂ ਏ ਕੀ ਸਾਮਾਨ ਲੱਭਾ
ਰੌਣਕ ਕੋਠਿਆਂ ਥੇਟਰਾਂ ਵਿਚ ਲੱਗੀ, ਘਰ ਰੱਬ ਦਾ ਬਹੁਤ ਵੀਰਾਨ ਲੱਭਾ

ਮੁੱਕ ਗਈ ਸੀ ਹੱਦ ਬਖ਼ਾਰੀਆ ਓ, ਪਿਆ ਬੜਾ ਇਕਲਾਪਾ ਸੀ ਤੰਗ ਕਰਦਾ
ਸਾਲਮ ਸਾਬਤ ਵਜੂਦ ਤਰੋੜ ਕੇ ਮੈਂ, ਜ਼ਰੇ ਜ਼ਰੇ ਚੋਂ ਅਪਣਾ ਭਾਣ ਲੱਭਾ