ਹੀਰ ਵਾਰਿਸ ਸ਼ਾਹ

ਅਸਾਂ ਮਹੰਤਾਂ ਡਾਹਢੀਆਂ ਕੀਤੀਆਂ ਨੀ

ਅਸਾਂ ਮਹੰਤਾਂ ਡਾਹਢੀਆਂ ਕੀਤੀਆਂ ਨੀ
ਉਨੀ ਗਨਡਈਏ ਠੀਹੜੀਏ ਜੱਟੀਏ ਨੀ

ਕਰਾਮਾਤ ਫ਼ਕੀਰ ਦੀ ਵੇਖ ਨਾਹੀਂ
ਖ਼ੈਰ ਰੱਬ ਥੋਂ ਮੰਗ ਕੁਪੱਤੀਏ ਨੀ

ਕਣ ਪਾਟੀਆਂ ਨਾਲ਼ ਨਾ ਜ਼ਿੱਦ ਕੀਜੇ
ਇੰਨੇ ਖੂਹ ਵਿਚ ਝਾਤ ਨਾ ਘੱਤੀਏ ਨੀ

ਮਸਤੀ ਨਾਲ਼ ਤਕਬਰੀ ਰਾਤ ਦੀਨਹੇ
ਕਦੀ ਹੋਸ਼ ਦੀ ਅੱਖ ਪਰਤੀਏ ਨੀ

ਕੋਈ ਦੁੱਖ ਤੇ ਦਰਦ ਨਾ ਰਹੇ ਭੋਰਾ
ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ

ਪੜ੍ਹ ਫੂ ਕੀਏ ਇਕ ਅਜ਼ਮਤ ਸੈਫ਼ੀ
ਜੜ ਜਿੰਨ ਤੇ ਭੂਤ ਦੀ ਪੁੱਟੀਏ ਨੀ

ਤੇਰੀ ਭਾਬੀ ਦੇ ਦੁੱਖੜੇ ਦੂਰ ਹੋਵਣ
ਅਸੀਂ ਮਿਹਰ ਜੇ ਚਾ ਪਲਟੀਏ ਨੀ

ਮੂੰਹੋਂ ਮਿਠੜਾ ਬੋਲ ਤੇ ਮੋਮ ਹੋ ਜਾ
ਤਿੱਖੀ ਹੋ ਨਾ ਕਮਲੀਏ ਜੱਟੀਏ ਨੀ

ਜਾਂਦੇ ਸਭ ਆਜ਼ਾਰ ਯਕੀਨ ਕਰ ਕੇ
ਵਾਰਿਸ ਸ਼ਾਹ ਦੇ ਪੈਰ ਜੇ ਚਟੀਏ ਨੀ