ਇੱਕ-ਇੱਕ ਕਰਕੇ ਯਾਦ ਪਏ ਆਵਣ ਸੱਜਣਾਂ ਦੇ ਸਭ ਲਾਰੇ

ਇੱਕ-ਇੱਕ ਕਰਕੇ ਯਾਦ ਪਏ ਆਵਣ ਸੱਜਣਾਂ ਦੇ ਸਭ ਲਾਰੇ ।
ਰਾਤ ਨੂੰ ਸੂਰਜ ਦੇਖਾਂ 'ਅਕਬਰ', ਦਿਨ ਨੂੰ ਦੇਖਾਂ ਤਾਰੇ ।

ਗੁੰਮ-ਸੁੰਮ ਖੜ੍ਹੀਆਂ ਮੇਰੀਆਂ ਸੱਧਰਾਂ ਤੇਰਾ ਰਸਤਾ ਦੇਖਣ
ਜੁਗਨੂੰਆਂ ਵਾਂਗੂੰ ਦੇਣ ਭੁਲੇਖੇ ਵੇਲੇ ਦੇ ਲਿਸ਼ਕਾਰੇ ।

ਚਾਰ-ਚੁਫੇਰੇ ਜਾਗਦਿਆਂ ਖ਼ਾਬਾਂ ਨੇ ਪਹਿਰਾ ਲਾਇਆ
ਰੰਗ-ਬਰੰਗੇ, ਬੇ-ਤਰਤੀਬੇ ਜਜ਼ਬੇ ਲੈਣ ਹੁਲਾਰੇ ।

ਯਾਦ ਤਿਰੀ ਜਦ ਆਵੇ ਦਿਲ 'ਚੋਂ ਇੰਜ ਆਵਾਜ਼ਾਂ ਆਵਣ-
ਰਾਤ ਦੇ ਪਿਛਲੇ-ਪਹਿਰ ਜਿਉਂ ਕੋਈ ਖੂਹ ਵਿੱਚ ਪੱਥਰ ਮਾਰੇ ।

ਲਹਿਰਾਂ ਦਿੰਦੀਆਂ ਤੇਜ਼ ਹਵਾਵਾਂ, ਬਿੱਟ-ਬਿੱਟ ਪਈਆਂ ਤੱਕਣ
ਉਖੜਿਆਂ ਉਖੜਿਆਂ ਸਾਹਵਾਂ ਉੱਤੇ ਲੋਕਾਂ ਮਹਿਲ ਉਸਾਰੇ ।

ਉੱਚੇ-ਉੱਚੇ ਕੋਠਿਆਂ ਉੱਤੇ ਛੋਟੇ ਛੋਟੇ ਬੰਦੇ
ਇੰਜ ਪਏ ਜਾਪਣ, ਜਿਵੇਂ ਜ਼ਮਾਨੇ ਸ਼ੀਸ਼ੇ ਵਿੱਚ ਉਤਾਰੇ ।

ਜਦੋਂ ਅਚਾਨਕ ਰਾਤਾਂ ਵੇਲੇ ਚੰਦ ਚਮਕਦਾ ਦੇਖਾਂ
'ਅਕਬਰ' ਮੇਰੇ ਅੰਦਰੋਂ ਕੋਈ ਮੈਨੂੰ 'ਵਾਜ਼ਾਂ ਮਾਰੇ