ਅਸਮਾਨਾਂ ਤੱਕ ਪਹੁੰਚਿਆ ਇਕ ਆਵਾਜ਼ਾ ਏ

ਅਸਮਾਨਾਂ ਤੱਕ ਪਹੁੰਚਿਆ ਇਕ ਆਵਾਜ਼ਾ ਏ ।
ਧਰਤੀ ਦੇ ਮੁੱਖੜੇ ਤੇ ਝੂਠਾ ਗ਼ਾਜ਼ਾ ਏ ।

ਸੱਜਨਾਂ ਦੀ ਬੂ ਆਵੇ ਮਿਰਿਆਂ ਜ਼ਖ਼ਮਾਂ 'ਚੋਂ,
ਮੂੰਹ 'ਤੇ ਸੱਚ ਬੋਲਣ ਦਾ ਇਹ ਖਮਿਆਜ਼ਾ ਏ ।

ਇਹ ਰਸਤਾ ਵੀ ਜੰਗਲ ਦੇ ਵੱਲ ਜਾਵੇਗਾ
ਰੁੱਖਾਂ ਉੱਤੋਂ ਲਾਇਆ ਮੈਂ ਅੰਦਾਜ਼ਾ ਏ ।

ਬਾਹਰ ਖੜ੍ਹਾ ਏ ਲਸ਼ਕਰ ਜ਼ਖ਼ਮੀ ਲੋਕਾਂ ਦਾ
ਹਸਪਤਾਲ ਦਾ ਇੱਕੋ ਹੀ ਦਰਵਾਜ਼ਾ ਏ ।

ਨਹਿਰ ਫ਼ਰਾਤ ਤੇ ਹੁਣ ਵੀ ਪਹਿਰੇ ਲੱਗੇ ਨੇ
ਸੱਚਾਈ ਦਾ ਖ਼ੌਫ਼ ਅਜੇ ਤੱਕ ਤਾਜ਼ਾ ਏ ।

ਅਕਬਰ ਕਿਸ ਦਾ ਨਾਂ ਬੁੱਲ੍ਹਾਂ 'ਤੇ ਆਇਆ ਈ
ਦਰਦ ਪਰਾਇਆ ਮੁੜ ਕਿਉਂ ਹੋਇਆ ਤਾਜ਼ਾ ਏ ?