ਜਦ ਵੀ ਯਾਦ ਸਮੁੰਦਰ ਜਾਗੇ

ਜਦ ਵੀ ਯਾਦ ਸਮੁੰਦਰ ਜਾਗੇ
ਸਾਹ ਲਹਿਰਾਂ ਵਿਚ ਦਿਲਬਰ ਜਾਗੇ

ਕੌਣ ਖ਼ਿਆਲ ਦੇ ਵਿਹੜੇ ਹੱਸਿਆ
ਬੰਦ ਅੱਖਾਂ ਵਿਚ ਮੰਜ਼ਰ ਜਾਗੇ

ਸ਼ੀਸ਼ੇ ਜ਼ਖ਼ਮਾਂ ਦੇ ਕੀ ਲਿਸ਼ਕੇ
ਸਾਰੇ ਸ਼ਹਿਰ ਦੇ ਪੱਥਰ ਜਾਗੇ

'ਕੱਲੀ ਗੋਰੀ, ਨਦੀ ਕਿਨਾਰਾ
ਨਾਜ਼ਕ ਪੋਰਾਂ, ਕੰਕਰ ਜਾਗੇ

ਸੁਫ਼ਨੇ ਫੁੱਲਾਂ ਕਿਰਨਾਂ ਅੰਦਰ
ਖ਼ੁਸ਼ਬੂ ਵਰਗਾ ਪੈਕਰ ਜਾਗੇ

ਵੇਖਣ ਨੂੰ ਸੀ ਰੇਸ਼ਮ ਵਰਗਾ
ਪਰ ਲਹਿਜੇ ਵਿਚ ਨਸ਼ਤਰ ਜਾਗੇ

ਅਜ ਮਿੱਤਰ ਦੇ ਹੱਥੀਂ 'ਅਕਰਮ'
ਜ਼ਹਿਰ 'ਚ ਭਿੱਜਾ ਖ਼ੰਜਰ ਜਾਗੇ