ਤੇਰੇ ਨਾਲ ਨਜ਼ਾਰੇ ਚਲਦੇ ਰਹਿੰਦੇ ਨੇ

ਤੇਰੇ ਨਾਲ ਨਜ਼ਾਰੇ ਚਲਦੇ ਰਹਿੰਦੇ ਨੇ
ਮੇਰੇ ਨਾਲ ਸਿਤਾਰੇ ਚਲਦੇ ਰਹਿੰਦੇ ਨੇ

ਜਦ ਮੈਂ ਲਹਿਰਾਂ ਉੱਤੇ ਤੇਰਾ ਨਾਂ ਲਿੱਖਾਂ
ਸੋਚਾਂ ਵਿਚ ਕਿਨਾਰੇ ਚਲਦੇ ਰਹਿੰਦੇ ਨੇ

ਕੋਈ ਨਵੀਂ ਸਵੇਰ ਨਾ ਵਿੱਚ ਨਸੀਬਾਂ ਦੇ
ਫਿਰ ਵੀ ਕਰਮਾਂ ਮਾਰੇ ਚਲਦੇ ਰਹਿੰਦੇ ਨੇ

ਤੇਰਾ ਸਿੱਕਾ ਚਲਦਾ ਦਿਲ ਦੇ ਸ਼ਹਿਰਾਂ ਤੇ
ਮੇਰੇ ਨਾਲ ਖ਼ਸਾਰੇ ਚਲਦੇ ਰਹਿੰਦੇ ਨੇ

ਮੇਰੇ ਚਾਅ ਮਰ ਜਾਣੇ ਕਾਲੀਆਂ ਰਾਤਾਂ ਨੂੰ
ਲੈ ਕੇ ਯਾਦ ਸਹਾਰੇ ਚਲਦੇ ਰਹਿੰਦੇ ਨੇ

ਮੇਰਾ ਹਾਸਾ ਚੈਕ ਸੀ 'ਅਕਰਮ' ਜੀਵਨ ਦਾ
ਲਹੂ ਦੇ ਵਿਚ ਸ਼ਰਾਰੇ ਚਲਦੇ ਰਹਿੰਦੇ ਨੇ