ਭਾਵੇਂ ਮੇਰਾ ਲੂਹੀ ਜਾਵੇ, ਮਾਜ਼ੀ ਹਾਲ ਸ਼ਰੀਕਾ

ਭਾਵੇਂ ਮੇਰਾ ਲੂਹੀ ਜਾਵੇ, ਮਾਜ਼ੀ ਹਾਲ ਸ਼ਰੀਕਾ
ਮੇਰਾ ਹਰ ਇਕ ਦੌਰ'ਚ ਰਹਿਣਾ, ਸੂਰਜ ਨਾਲ ਸ਼ਰੀਕਾ

ਮੈਂ ਨੇਰ੍ਹੇ ਦੀ ਜੂਹ ਵਿਚ ਜਦ ਵੀ, ਲਹੂ ਦੇ ਦੀਵੇ ਬਾਲੇ
ਮੇਰੇ ਸਾਹਵੇਂ ਆਨ ਖਲੋਤਾ, ਪਾਲੋ-ਪਾਲ ਸ਼ਰੀਕਾ

ਇਕ ਤੇ ਵੇਲੇ ਦੇ ਜਾਲੇ ਨੇ, ਕੈਦੀ ਕੀਤਾ ਮੈਨੂੰ
ਦੂਜੇ ਪਾਸੇ ਬੁਣਦਾ ਰਹਿੰਦਾ, ਨਫ਼ਰਤ-ਜਾਲ ਸ਼ਰੀਕਾ

ਮੈਂ ਵਰ੍ਹਿਆਂ ਦਾ ਪੰਧ ਮੁਕਾ ਕੇ, ਜਦ ਮੰਜ਼ਿਲ ਤੇ ਪੁੱਜਾ
ਆਚਨ-ਚੇਤੀ ਚੱਲਿਆ ਰਲ ਕੇ, ਵੱਖਰੀ ਚਾਲ ਸ਼ਰੀਕਾ

ਓੜਕ ਇਕ ਦਿਨ ਮੁੱਕ ਜਾਣਾ ਏ, ਇਹ ਜਬਰਾਂ ਦਾ ਮੌਸਮ
ਸਦਾ ਨਈਂ ਏਥੇ ਪਾਉਂਦਾ ਰਹਿਣਾ, ਇੰਜ ਧਮਾਲ ਸ਼ਰੀਕਾ

ਭਾਵੇਂ 'ਅਕਰਮ' ਬਾਗ਼ੀ ਰੁੱਤ ਨੇ ਲੱਖ ਉਬਾਲੇ ਖਾਧੇ
ਫਿਰ ਵੀ ਨਾਲ ਸਿਆਣਪ ਮੈਨੇ ਦਿੱਤਾ ਟਾਲ ਸ਼ਰੀਕਾ