ਤਕਿਆ ਜੋ ਮੈਂਨੂੰ ਓਸਨੇ ਦੁੱਖਾਂ ਦੇ ਹਾਲ ਵਿਚ

ਤਕਿਆ ਜੋ ਮੈਂਨੂੰ ਓਸਨੇ ਦੁੱਖਾਂ ਦੇ ਹਾਲ ਵਿਚ
ਦੂਣਾ ਸਰੂਪ ਆ ਗਿਆ ਉਸਦੇ ਜਮਾਲ ਵਿਚ

ਮੇਰੇ ਲਬਾਂ 'ਤੇ ਵੇਖਕੇ ਤੇ ਮੋਹਰ ਚੁੱਪ ਦੀ
ਕਿੰਨੇ ਸਵਾਲ ਜਾਗ ਪਏ ਉਹਦੇ ਸਵਾਲ ਵਿਚ

ਸ੍ਹਾਵਾਂ ਨੂੰ ਮੈਂ ਤਾਂ ਰੋਕ ਕੇ ਗੁੰਮ ਸੁਮ ਖਲੋ ਗਿਆ
ਸੁੱਤਾ ਜਾਂ ਉਸਨੂੰ ਵੇਖਿਆ ਖ਼ਾਬਾਂ ਦੇ ਜਾਲ ਵਿਚ

ਦੂਰੋਂ ਲਕਾਉਂਦਾ ਰੂਪ ਸੀ ਮੈਨੂੰ ਉਹ ਵੇਖਕੇ
ਕੀਕੂੰ ਉਹ ਸ਼ੋਖ਼ ਹੋ ਗਿਐ ਚਾਵਾਂ ਦੇ ਸਾਲ ਵਿਚ

ਹੁੰਦੀ ਦੁਆ ਦੇ ਹਰਫ਼ ਵਿਚ ਤਾਸੀਰ ਜੇ ਕਦੀ
ਮਿਲਦਾ ਨਾ ਤੈਨੂੰ ਆਣਕੇ ਮੌਸਮ ਵਸਾਲ ਵਿਚ

'ਅਕਰਮ' ਕਦੀ ਤੇ ਸੋਚ ਦੇ ਘੇਰੇ ਚ ਆਏਗਾ
ਲੰਘਦਾ ਏ ਜਿਹੜਾ ਕੋਲ ਦੀ ਹਰਨਾਂ ਦੀ ਚਾਲ ਵਿਚ