ਪੱਥਰ ਵਰਗੇ ਲੋਕਾਂ ਦੇ ਵਿਚ ਕੀ ਮੁਸਕਾਵੇ

ਪੱਥਰ ਵਰਗੇ ਲੋਕਾਂ ਦੇ ਵਿਚ ਕੀ ਮੁਸਕਾਵੇ
ਕੱਚ ਦੀ ਗੁੱਡੀ ਕਿਰਚੀ-ਕਿਰਚੀ ਹੁੰਦੀ ਜਾਵੇ

ਉਹਦੇ ਹਾਸੇ ਵਿੱਚੋਂ ਸੱਤੇ ਰੰਗ ਗੁਆਚੇ
ਕਿਹੜਾ ਅੰਬਰ ਉੱਤੇ ਜਾ ਕੇ ਪੀਂਘ ਹਿਲਾਵੇ

ਉਹਦੀਆਂ ਜ਼ੁਲਫ਼ਾਂ ਦੇ ਸੰਗ ਖਹਿ ਕੇ ਝੱਲੀ ਹੋਈ
ਮਸਤ ਹਵਾ ਵੀ ਰਾਹਵਾਂ ਦੇ ਵਿਚ ਗਿੱਧਾ ਪਾਵੇ

ਅੱਲੜ ਗੋਰੀ ਇਕਲਾਪੇ ਵਿਚ ਚੋਰੀ ਚੋਰੀਸ਼ੀਸ਼ੇ
ਸਾਹਵੇਂ ਵੇਖ ਕੇ ਆਪਣਾ ਮੁੱਖ ਸ਼ਰਮਾਵੇ

ਵੇਲੇ ਨੇ ਕਿਸ ਨ੍ਹੇਰੇ ਖੂਹ ਵਿਚ ਤਾੜਿਆ ਮੈਨੂੰ
ਅੱਖਾਂ ਨੂੰ ਰੰਗ ਭੁੱਲ ਗਏ ਨੇ ਸੋਹਣੇ ਤੇ ਸਾਵੇ

ਸੋਨੇ ਦੇ ਪਿੰਜਰੇ ਵੀ ਪੰਛੀ ਖ਼ੁਸ਼ ਨਹੀਂ ਰਹਿੰਦਾ
ਭਾਵੇਂ ਕੋਈ ਕੋਹਕਾਫ਼ਾਂ ਚੋਂ ਚੁੱਕ ਲਿਆਵੇ

ਇੰਜ ਤੇ ਬੱਦਲ ਬੜਾ ਵਰਾਊ ਲੱਗਦੈ ਅਕਰਮ
ਦਿਲ ਦੀ ਬੰਜਰ ਧਰਤੀ ਪਰ ਨਾ ਕਣੀਆਂ ਪਾਵੇ